ਫਰਿਜ਼ਨੋ (ਕੈਲੀਫੋਰਨੀਆਂ),15 ਜਨਵਰੀ (ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ) – ਰਾਸ਼ਟਰਪਤੀ ਚੁਣੇ ਗਏ ਜੋ ਬਾਈਡੇਨ ਦੇ ਸਹੁੰ ਚੁੱਕ ਦਿਵਸ ‘ਤੇ ਸ਼ੋਸ਼ਲ ਮੀਡੀਆ ਸਾਈਟ ਟਵਿੱਟਰ ਦੇਸ਼ ਦੇ ਨਵੇਂ ਹੋਣ ਵਾਲੇ ਰਾਸ਼ਟਰਪਤੀ ਨੂੰ ਇਸ ਅਹੁਦੇ ਨਾਲ ਸੰਬੰਧਿਤ ਟਵਿੱਟਰ ਦੇ ਅਧਿਕਾਰਤ ਖਾਤੇ ਸੌਂਪਣ ਲਈ ਕੰਮ ਕਰੇਗੀ। ਇਸ ਸੰਬੰਧੀ ਕੰਪਨੀ ਨੇ ਵੀਰਵਾਰ ਨੂੰ ਐਲਾਨ ਕਰਦਿਆਂ ਦੱਸਿਆ ਕਿ ਟਵਿੱਟਰ ਰਾਸ਼ਟਰਪਤੀ ਪਦ ਨਾਲ ਸੰਬੰਧਿਤ ਖਾਤੇ @ ਪੋਟਸ ਨੂੰ ਤਬਦੀਲ ਕਰਨ ਤੇ ਕੰਮ ਕਰੇਗੀ। ਇਸਦੇ ਇਲਾਵਾ ਟਵਿੱਟਰ ਦੇ ਹੋਰ ਰਾਸ਼ਟਰਪਤੀ ਪ੍ਰਸ਼ਾਸਨ ਨਾਲ ਸੰਬੰਧਿਤ ਖਾਤੇ ਜਿਵੇਂ ਕਿ @ ਵ੍ਹਾਈਟ ਹਾਊਸ, @ ਵੀ ਪੀ, @ ਫਲੋਟਸ, ਅਤੇ @ ਪ੍ਰੈਸ ਸੇਕ ਨੂੰ ਵੀ ਬਾਈਡੇਨ ਪ੍ਰਸ਼ਾਸਨ ਵਿੱਚ ਤਬਦੀਲ ਕੀਤਾ ਜਾਵੇਗਾ। ਇਸ ਦੌਰਾਨ ਕੰਪਨੀ ਨੇ ਇੱਕ ਨਵਾਂ ਖਾਤਾ @ ਸੈਕੰਡ ਜੈਂਟਲਮੈਨ ਵੀ ਬਣਾਇਆ ਹੈ ਜੋ ਕਿ ਉਪ-ਰਾਸ਼ਟਰਪਤੀ ਚੁਣੀ ਗਈ ਕਮਲਾ ਹੈਰਿਸ ਦੇ ਪਤੀ, ਡਗਲਸ ਐਮਹੋਫ ਲਈ ਹੈ। ਬਾਈਡੇਨ ਨੇ ਵੀਰਵਾਰ ਰਾਤ ਨੂੰ ਆਪਣੇ ਪੈਰੋਕਾਰਾਂ ਨੂੰ ਇਹਨਾਂ ਖਾਤਿਆਂ ਸੰਬੰਧੀ ਕਿਹਾ ਕਿ ਕਿਹਾ ਕਿ ਇਹ ਮੇਰੇ ਰਾਸ਼ਟਰਪਤੀ ਵਜੋਂ ਅਧਿਕਾਰਤ ਫਰਜ਼ਾਂ ਦਾ ਖਾਤਾ ਹੋਵੇਗਾ ਜੋ ਕਿ 20 ਜਨਵਰੀ ਨੂੰ @ ਪੋਟਸ ਬਣ ਜਾਵੇਗਾ ਅਤੇ ਉਸ ਸਮੇਂ ਤੱਕ ਉਹ @ ਜੋਅ ਬਾਈਡੇਨ ਦੀ ਵਰਤੋਂ ਕਰਨਗੇ, ਇਸ ਸੰਬੰਧੀ ਉਹਨਾਂ ਨੇ ਆਪਣੇ ਮੌਜੂਦਾ @ਪ੍ਰੈਜੀ ਇਲੈਕਟ ਬਾਈਡੇਨ ਖਾਤੇ ਤੋਂ ਟਵੀਟ ਕਰਕੇ ਜਾਣਕਾਰੀ ਦਿੱਤੀ। ਹਾਲਾਂਕਿ ਬਾਈਡੇਨ ਪ੍ਰਸ਼ਾਸਨ ਦੁਆਰਾ ਨਵੇਂ ਖਾਤਿਆਂ ‘ਤੇ ਨਿਯੰਤਰਣ ਕਰਨ ਤੋਂ ਪਹਿਲਾਂ ਟਵਿੱਟਰ ਅਨੁਸਾਰ ਕੰਪਨੀ ਨੂੰ ਪਹਿਲਾਂ ਵ੍ਹਾਈਟ ਹਾਊਸ ਦੇ ਖਾਤਿਆਂ ਨੂੰ ਰਾਸ਼ਟਰੀ ਆਰਚੀਵ ਅਤੇ ਰਿਕਾਰਡ ਪ੍ਰਸ਼ਾਸਨ ਨੂੰ ਤਬਦੀਲ ਕਰਨ ਦੀ ਜਰੂਰਤ ਹੈ। ਟਵਿੱਟਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੌਜੂਦਾ ਵ੍ਹਾਈਟ ਹਾਊਸ ਖਾਤਿਆਂ ਦੇ ਫਾਲੋਅਰਜ਼ ਆਪਣੇ ਆਪ ਹੀ ਨਵੇਂ ਤਬਦੀਲ ਕੀਤੇ ਖਾਤਿਆਂ ਤੱਕ ਪਹੁੰਚ ਨਹੀਂ ਕਰ ਸਕਣਗੇ ਜਦਕਿ ਇਸ ਸੰਬੰਧੀ ਉਹਨਾਂ ਨੂੰ ਨਵੇਂ ਖਾਤਿਆਂ ਨੂੰ ਫਾਲੋਅ ਕਰਨ ਲਈ ਨੋਟੀਫਿਕੇਸ਼ਨ ਪ੍ਰਾਪਤ ਹੋਵੇਗੀ।