Menu

ਸਿਹਤ ਵਿਭਾਗ ਵੱਲੋਂ ਮਨਾਈ ਗਈ ਧੀਆਂ ਦੀ ਲੋਹੜੀ

ਬਠਿੰਡਾ 13 ਜਨਵਰੀ (ਗੁਰਜੀਤ, ਫੋਟੋ : ਰਾਮ ਸਿੰਘ ਗਿੱਲ ) ਸਿਹਤ ਵਿਭਾਗ ਵੱਲੋਂ ਜ਼ਿਲੇ ਦੇ ਜੱਚਾ-ਬੱਚਾ ਸਿਵਲ ਹਸਪਤਾਲ ਵਿਖੇ ਸਿਵਲ ਸਰਜਨ ਡਾ. ਤੇਜਵੰਤ ਸਿੰਘ ਦੀ ਦੇਖ-ਰੇਖ ਹੇਠ ਧੀਆਂ ਦੀ ਲੋਹੜੀ ਮਨਾਈ ਗਈ। ਇਸ ਮੌਕੇੇ ਬੱਚੀਆਂ ਤੇ ਮਾਪਿਆਂ ਨੂੰ ਬੱਚੀ ਦੇ ਜਨਮ ‘ਤੇ ਲੋਹੜੀ ਦੇ ਤਿਉਹਾਰ ਦੀ ਵਧਾਈ ਦਿੱਤੀ ਗਈ।
ਇਸ ਦੌਰਾਨ ਡਾ. ਅਨੁਪਮਾ ਸ਼ਰਮਾਂ ਨੇ ਆਪਣੇ ਸੰਦੇਸ਼ ਵਿੱਚ ਸਮੂਹ ਹਾਜਰੀਨ ਨੂੰ ਅਪੀਲ ਕੀਤੀ ਕਿ ਜਨਮ ਤੋਂ ਹੀ ਬੱਚੀਆਂ ਦਾ ਚੰਗੀ ਤਰਾਂ ਪਾਲਣ ਪੋਸ਼ਣ ਅਤੇ ਖੁਰਾਕ ਦਾ ਧਿਆਨ ਰੱਖਣਾ ਚਾਹੀਦਾ ਹੈ ਅਤੇ ਬੱਚੀਆਂ ਦੀ ਨਰੋਈ ਸਿਹਤ ਲਈ ਸੰਪੂਰਨ ਟੀਕਾਕਰਨ ਕਰਵਾਉਣਾ ਵੀ ਜ਼ਰੂਰੀ ਹੈ। ਉਨਾਂ ਕਿਹਾ ਕਿ ਘਰ ਵਿੱਚ ਲੜਕੇ ਅਤੇ ਲੜਕੀ ਨੂੰ ਬਰਾਬਰ ਸਨਮਾਨ ਦੇਣਾ ਚਾਹੀਦਾ ਹੈ। ਵਿਸ਼ੇਸ਼ ਕਰਕੇ ਲੜਕੀਆਂ ਨੂੰ ਉੱਚ ਵਿਦਿਆ ਦਵਾਉਣਾ ਯਕੀਨੀ ਬਣਾਇਆ ਜਾਵੇ ਤਾਂ ਜੋ ਅਸੀਂ ਇੱਕ ਨਰੋਏ ਅਤੇ ਚੰਗੇ ਸਮਾਜ ਦੀ ਸਿਰਜਣਾ ਕਰ ਸਕੀਏ।
ਇਸ ਮੌਕੇ ਜ਼ਿਲਾ ਪਰਿਵਾਰ ਭਲਾਈ ਅਫ਼ਸਰ ਡਾ. ਗੁਰਦੀਪ ਸਿੰਘ ਨੇ ਬੋਲਦਿਆਂ ਕਿਹਾ ਕਿ ਭਾਰਤ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਮੁਹਿੰਮ ਬੇਟੀ ਬਚਾਓ, ਬੇਟੀ ਪੜਾਓ ਨੂੰ ਪਿੰਡ-ਪਿੰਡ ਤੇ ਘਰ-ਘਰ ਪਹੁੰਚਾਉਣ ਦੀ ਲੋੜ ਹੈ। ਅੱਜ ਦੇ ਯੁੱਗ ਵਿੱਚ ਲੜਕੀਆਂ ਹਰੇਕ ਖੇਤਰ ਵਿੱਚ ਮੁੰਡਿਆਂ ਨਾਲੋਂ ਅੱਗੇ ਜਾ ਰਹੀਆਂ ਹਨ ਅਤੇ ਉੱਚੀਆਂ ਪਦਵੀਆਂ ਹਾਸਿਲ ਕਰ ਰਹੀਆਂ ਹਨ। ਸਮਾਜ ਨੂੰ ਰੂੜੀਵਾਦੀ ਸੋਚ ਤਿਆਗ ਕੇ ਕੁੜੀਆਂ ਨੂੰ ਸਤਿਕਾਰ ਦੇ ਕੇ ਸਮੇਂ ਦੇ ਹਾਣੀ ਬਣਾਉਣਾ ਚਾਹੀਦਾ ਹੈ। ਸਾਨੂੰ ਸਾਰਿਆਂ ਨੂੰ ਭਰੂਣ ਹੱਤਿਆ ਦੇ ਵਿਰੁੱਧ ਯੋਗਦਾਨ ਪਾਉਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਧੀਆਂ ਦੀ ਲੋਹੜੀ ਮਨਾਉਣਾ ਅਤੇ ਉਨਾਂ ਦੇ ਮਾਤਾ ਪਿਤਾ ਨੂੰ ਸਨਮਾਨਿਤ ਕਰਨਾ ਚੰਗਾ ਸਮਾਜਿਕ ਸੁਨੇਹਾ ਹੈ।
ਇਸ ਮੌਕੇ ਜ਼ਿਲਾ ਸਮੂਹ ਸਿੱਖਿਆ ਅਤੇ ਸੂਚਨਾਂ ਅਫ਼ਸਰ ਜਗਤਾਰ ਸਿੰਘ ਬਰਾੜ ਨੇ ਕਿਹਾ ਕਿ ਸਦਾ ਕੌਰ ਵਰਗੀਆਂ ਮਹਾਨ ਔਰਤਾਂ ਜੇ ਕਿਤੇ ਭਰੂਣ ਹੱਤਿਆ ਦਾ ਸ਼ਿਕਾਰ ਹੋ ਜਾਂਦੀਆਂ ਤਾਂ ਸਾਨੂੰ ਮਹਾਰਾਜਾ ਰਣਜੀਤ ਸਿੰਘ ਵਰਗੇ ਜਰਨੈਲਾਂ ਦੀ ਪ੍ਰਾਪਤੀ ਨਹੀਂ ਹੋਣੀ ਸੀ। ਉਹਨਾਂ ਕਿਹਾ ਕਿ ਧੀਆਂ ਦੀ ਲੋਹੜੀ ਮਨਾ ਕੇ ਸਮਾਜ ਨੂੰ ਇੱਕ ਚੰਗਾ ਸੁਨੇਹਾ ਦਿੱਤਾ ਜਾ ਰਿਹਾ ਹੈ। ਬੱਚਿਆਂ ਦੇ ਮਾਹਿਰ ਡਾ: ਅੰਜਲੀ ਬਾਂਸਲ ਵੱਲੋਂ ਸਰਦੀਆਂ ਵਿੱਚ ਬੱਚੇ ਦੀ ਸਿਹਤ ਸੰਭਾਲ ਅਤੇ ਬੱਚੇ ਦੀ ਖੁਰਾਕ ਬਾਰੇ ਵਿਸਥਾਰ ਸਹਿਤ ਜਾਣਕਾਰੀ ਦਿੱਤੀ।
ਮੈਡੀਕਲ ਅਫ਼ਸਰ ਜੱਚਾ ਬੱਚਾ ਸਿਵਲ ਹਸਪਤਾਲ ਬਠਿੰਡਾ ਡਾ. ਧੀਰਾ ਗੁਪਤਾ ਨੇ ਕਿਹਾ ਕਿ ਲੜਕੀਆਂ ਨੂੰ ਸਮੇਂ ਦੇ ਹਾਣ ਦਾ ਬਣਾਉਣ ਲਈ ਉੱਚ ਵਿਦਿਆ ਦੇਣੀ ਜ਼ਰੂਰੀ ਹੈ ਤਾਂ ਜੋ ਆਪਣਾ ਤੇ ਆਪਣੇ ਪਰਿਵਾਰ ਦਾ ਵਧੀਆ ਢੰਗ ਨਾਲ ਪਾਲਣ ਪੋਸ਼ਣ ਕਰ ਸਕਣ ਅਤੇ ਆਪਣੇ ਜੀਵਨ ਵਿੱਚ ਆਉਣ ਵਾਲੀਆਂ ਮੁਸ਼ਕਿਲਾਂ ਦਾ ਡਟ ਕੇ ਮੁਕਾਬਲਾ ਕਰਨ। ਇਸ ਮੌਕੇ ਵਿਸ਼ੇਸ਼ ਤੌਰ ‘ਤੇ 20 ਨਵ-ਜਨਮੀਆਂ ਬੱਚੀਆਂ ਦਾ ਸਨਮਾਨ ਵੀ ਕੀਤਾ ਗਿਆ।
ਇਸ ਮੌਕੇ ਡਾ. ਪ੍ਰੀਤਮਨਿੰਦਰ ਕੌਰ, ਡਿਪਟੀ ਮਾਸ ਮੀਡੀਆ ਅਫ਼ਸਰ ਕੁਲਵੰਤ ਸਿੰਘ, ਕੇਵਲ ਕ੍ਰਿਸਨ ਸ਼ਰਮਾਂ, ਜਿਲਾ ਬੀ. ਸੀ. ਸੀ. ਕੁਆਰਡੀਨੇਟਰ, ਜਗਦੀਸ਼ ਰਾਮ  ਅਤੇ  ਜੱਚਾ ਬੱਚਾ ਹਸਪਤਾਲ ਦਾ ਸਮੁੱਚਾ ਸਟਾਫ ਹਾਜ਼ਰ ਸੀ।

Listen Live

Subscription Radio Punjab Today

Our Facebook

Social Counter

  • 18002 posts
  • 0 comments
  • 0 fans

Log In