ਫਰਿਜ਼ਨੋ (ਕੈਲੀਫੋਰਨੀਆਂ), 9 ਜਨਵਰੀ (ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ) – ਕੈਲੀਫੋਰਨੀਆਂ ਦੀ ਫਰਿਜ਼ਨੋ ਕਾਉਂਟੀ ਨੇ ਵੀਰਵਾਰ ਨੂੰ ਕੋਰੋਨਾਂ ਵਾਇਰਸ ਦੇ 433 ਨਵੇਂ ਮਾਮਲਿਆਂ ਦੀ ਪੁਸ਼ਟੀ ਕੀਤੀ ਹੈ, ਜਿਸ ਨਾਲ ਇਸ ਖੇਤਰ ਵਿੱਚ ਕੁੱਲ ਮਾਮਲਿਆਂ ਦੀ ਗਿਣਤੀ ਲੱਗਭਗ 71,404 ਤੱਕ ਪੁਹੰਚ ਗਈ ਹੈ, ਪਰ ਕਾਉਂਟੀ ਨੇ 1 ਜਨਵਰੀ ਤੋਂ ਰੋਜ਼ਾਨਾ ਮੌਤਾਂ ਦੀ ਰਿਪੋਰਟ ਨਹੀਂ ਕੀਤੀ ਹੈ । ਇੱਕ ਜਨਵਰੀ ਨੂੰ ਦਰਜ਼ ਕੀਤੀਆਂ ਗਈਆਂ 65 ਮੌਤਾਂ ਦੇ ਨਾਲ ਵੀਰਵਾਰ ਨੂੰ ਇਹਨਾਂ ਦੀ ਕੁੱਲ 711 ਰਹੀ ਹੈ। ਸਿਹਤ ਅਧਿਕਾਰੀਆਂ ਅਨੁਸਾਰ ਵੀਰਵਾਰ ਤੱਕ ਕੋਰੋਨਾਂ ਤੋਂ ਪੀੜਤ 655 ਮਰੀਜ਼ ਫਰਿਜ਼ਨੋ ਕਾਉਂਟੀ ਦੇ ਹਸਪਤਾਲਾਂ ਵਿੱਚ ਦਾਖਲ ਸਨ। ਇਸਦੇ ਇਲਾਵਾ ਪੂਰੇ ਕੈਲੀਫੋਰਨੀਆਂ ਰਾਜ ਵਿੱਚ ਲੱਗਭਗ 22,000 ਮਰੀਜ਼ ਹਸਪਤਾਲਾਂ ਵਿੱਚ ਹਨ, ਜਿਨ੍ਹਾਂ ਵਿੱਚੋਂ ਇੰਨਟੈਂਸਿਵ ਕੇਅਰ ਯੂਨਿਟਸ ਵਿੱਚ 4,700 ਤੋਂ ਵੱਧ ਵਾਇਰਸ ਪੀੜਤ ਦਾਖਲ ਹਨ ਅਤੇ ਸੂਬੇ ਵਿੱਚ ਵੀਰਵਾਰ ਨੂੰ 583 ਨਵੀਆਂ ਮੌਤਾਂ ਹੋਈਆਂ ਹਨ। ਸੀ.ਡੀ.ਪੀ.ਐਚ ਦੇ ਅਨੁਸਾਰ ਸੂਬੇ ਵਿੱਚ ਵੀਰਵਾਰ ਦੀ ਅਪਡੇਟ ਅਨੁਸਾਰ ਮੌਤਾਂ ਦੀ ਗਿਣਤੀ 28,000 ਅਤੇ ਵਾਇਰਸ ਦੀ ਲਾਗ ਦੇ ਮਾਮਲੇ 25 ਲੱਖ ਤੱਕ ਦਰਜ ਕੀਤੇ ਗਏ ਹਨ। ਇਹਨਾਂ ਮੌਤਾਂ ਅਤੇ ਲਾਗ ਦੇ ਵਧ ਰਹੇ ਅੰਕੜਿਆਂ ਦੇ ਮੱਦੇਨਜ਼ਰ ਸੀ.ਡੀ.ਪੀ.ਐਚ ਨੇ ਬੁੱਧਵਾਰ ਨੂੰ ਯਾਤਰਾ ਸੰਬੰਧੀ ਦਿਸ਼ਾ-ਨਿਰਦੇਸ਼ਾਂ ਨੂੰ ਅਪਡੇਟ ਕੀਤਾ ਹੈ ਜੋ ਕਿ 13 ਨਵੰਬਰ ਦੀਆਂ ਦੋ ਮੁੱਖ ਅਪਡੇਟਸ ਨਾਲ ਸੰਬੰਧਿਤ ਹਨ, ਜਿਸਦੇ ਤਹਿਤ ਪਹਿਲੀ ਅਪਡੇਟ ਵਿੱਚ ਸੀ.ਡੀ.ਸੀ ਦੀਆਂ ਹਦਾਇਤਾਂ ਅਨੁਸਾਰ ਰਾਜ ਤੋਂ ਬਾਹਰੋਂ ਰਹਿੰਦੇ ਜਾਂ ਆਉਣ ਵਾਲੇ ਗ਼ੈਰ-ਜ਼ਰੂਰੀ ਯਾਤਰੀਆਂ ਲਈ ਕੁਆਰੰਟੀਨ ਦੀ ਅਵਧੀ ਨੂੰ ਘਟਾ ਕੇ 14 ਤੋਂ 10 ਦਿਨਾਂ ਤੱਕ ਕੀਤਾ ਗਿਆ ਹੈ। ਇਸਦੇ ਨਾਲ ਹੀ ਨਵੀਆਂ ਯਾਤਰਾ ਪਾਬੰਦੀਆਂ ਦੀ ਦੂਜੀ ਅਪਡੇਟ ਵਿੱਚ ਕੈਲੀਫੋਰਨੀਆਂ ਦੇ ਲੋਕਾਂ ਨੂੰ ਦੂਜੇ ਰਾਜਾਂ ਜਾਂ ਦੇਸ਼ਾਂ “ਚ ਜਾਣ ਤੋਂ ਪਰਹੇਜ਼ ਕਰਨ ਦੇ ਇਲਾਵਾ ਰਾਜ ਦੇ ਅੰਦਰ ਹੀ ਘਰ ਵਿੱਚੋਂ ਗੈਰ ਜ਼ਰੂਰੀ ਯਾਤਰਾ ਨੂੰ ਵੱਧ ਤੋਂ ਵੱਧ 120 ਮੀਲ ਦੀ ਦੂਰੀ ਤੱਕ ਸੀਮਤ ਕਰਨਾ ਚਾਹੀਦਾ ਹੈ। ਜਿਕਰਯੋਗ ਹੈ ਕਿ ਕੈਲੀਫੋਰਨੀਆਂ ਵਿੱਚ ਵਾਇਰਸ ਦੇ ਨਵੇਂ ਰੂਪ ਕਾਰਨ ਪਾਬੰਦੀਆਂ ਨੂੰ ਸਖਤ ਕੀਤਾ ਜਾ ਰਿਹਾ ਹੈ।