ਬਠਿੰਡਾ, 23 ਦਸੰਬਰ – ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਵਿਭਾਗ ਪੰਜਾਬ, ਚੰਡੀਗੜ ਵੱਲੋਂ ਜ਼ਿਲਾ ਬਠਿੰਡਾ ਵਿੱਚ ਚਲਾਏ ਜਾ ਰਹੇ ਵੋਕੇਸ਼ਨਲ ਰੀਹੈਬਲੀਟੇਸ਼ਨ ਸੈਂਟਰ ਵਿੱਚ ਸਿਖਲਾਈ ਪੂਰੀ ਕਰ ਚੁੱਕੇ ਦਿਵਿਆਂਗ ਸਿਖਿਆਰਥੀਆਂ ਨੂੰ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਸ਼੍ਰੀ ਰਾਜਦੀਪ ਸਿੰਘ ਬਰਾੜ ਨੇ ਸਰਟੀਫਿਕੇਟ ਵੰਡੇ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਨੇ ਦਿਵਿਆਂਗ ਸਿਖਿਆਰਥੀਆਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸਰਕਾਰ ਵਲੋਂ ਦਿਵਿਆਂਗ ਸਿਖਿਆਰਥੀਆਂ ਲਈ ਕਈ ਤਰਾਂ ਦੇ ਕੋਰਸ ਚਲਾਏ ਜਾ ਰਹੇ ਹਨ, ਉਹ ਇਨਾਂ ਕੋਰਸਾਂ ਦਾ ਵੱਧ ਤੋਂ ਵੱਧ ਲਾਹਾ ਲੈਣ।
ਉਨਾਂ ਜ਼ਿਲੇ ਅਧੀਨ ਆਉਂਦੇ ਵਿਦਿਆਂਗਜਨ ਨੂੰ ਅਪੀਲ ਕਰਦਿਆਂ ਕਿ ਕਿਹਾ ਕਿ ਜਿਨਾਂ ਦਿਵਿਆਂਗਜਨ ਵਿਅਕਤੀਆਂ ਨੇ ਅਜੇ ਤੱਕ ਯੂ.ਡੀ.ਆਈ.ਡੀ. ਕਾਰਡ ਨਹੀਂ ਬਣਾਏ ਹਨ ਉਹ ਆਪਣੇ ਕਾਰਡ ਬਣਾਉਣ ਲਈ ਆਪਣੇ ਨੇੜਲੇ ਸੇਵਾ ਕੇਂਦਰਾਂ, ਸਰਕਾਰੀ ਹਸਪਤਾਲਾਂ ਤੇ ਜ਼ਿਲਾ ਸਮਾਜਿਕ ਸੁਰੱਖਿਆ ਦਫਤਰ ਵਿਖੇ ਪਹੁੰਚ ਕੇ ਅਪਲਾਈ ਕਰ ਸਕਦੇ ਹਨ। ਉਨਾਂ ਕਿਹਾ ਕਿ ਜਿਨਾਂ ਦੇ ਪੁਰਾਣੇ ਕਾਰਡ ਬਣੇ ਹੋਏ ਹਨ, ਉਹ ਸੇਵਾ ਕੇਂਦਰਾਂ ਵਿੱਚ ਜਾ ਕੇ ਡਿਜੀਟਲ ਕਾਰਡ ਬਣਵਾਉਣ। ਉਨਾਂ ਦੱਸਿਆ ਕਿ ਭਵਿੱਖ ਵਿੱਚ ਇਹ ਕਾਰਡ ਸਰਕਾਰੀ ਸਕੀਮਾਂ ਦਾ ਲਾਭ ਲੈਣ ਵਿੱਚ ਸਹਾਈ ਸਿੱਧ ਹੋਣਗੇ।
ਇਸ ਦੌਰਾਨ ਜ਼ਿਲਾ ਸਮਾਜਿਕ ਸੁਰੱਖਿਆ ਅਫਸਰ ਡਾ. ਤੇਅਵਾਸਪ੍ਰੀਤ ਕੌਰ ਤੇ ਸਕੱਤਰ ਰੈੱਡ ਕਰਾਸ ਸ਼੍ਰੀ ਦਰਸ਼ਨ ਕੁਮਾਰ ਵੱਲੋਂ ਵੋਕੇਸ਼ਨਲ ਰੀਹੈਬਲੀਟੇਸ਼ਨ ਸੈਂਟਰ ਬਠਿੰਡਾ ਵਿੱਚ ਚੱਲ ਰਹੀਆਂ ਸਕੀਮਾਂ ਦੀ ਜਾਣਕਾਰੀ ਸਾਂਝੀ ਕਰਦਿਆ ਦੱਸਿਆ ਕਿ ਵੋਕੇਸ਼ਨਲ ਰੀਹੈਬਲੀਟੇਸ਼ਨ ਸੈਂਟਰ ਵਿਖੇ ਸਿਲਾਈ ਤੇ ਕਢਾਈ ਅਤੇ ਕੰਪਿਊਟਰ ਦਾ ਇੱਕ-ਇੱਕ ਸਾਲ ਦਾ ਕੋਰਸ ਕਰਵਾਇਆ ਜਾਂਦਾ ਹੈ। ਇਸ ਤੋਂ ਇਲਾਵਾ ਕੋਰਸ ਕਰਨ ਵਾਲੇ ਸਿਖਿਆਰਥੀਆਂ ਨੂੰ 2 ਹਜ਼ਾਰ ਰੁਪਏ ਪ੍ਰਤੀ ਮਹੀਨਾ ਵਜੀਫ਼ਾ ਵੀ ਦਿੱਤਾ ਜਾਂਦਾ ਹੈ।