Menu

ਸੰਗਰੂਰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜਾਰੀ ਪੱਤਰ ਨੂੰ ਲੈ ਕੇ ‘ਆਪ’ ਵਿਧਾਇਕਾਂ ਨੇ ਘੇਰੀ ਸਰਕਾਰ

ਚੰਡੀਗੜ੍ਹ, 21 ਦਸੰਬਰ (ਹਰਜੀਤ ਮਠਾੜੂ) – ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਕਿਹਾ ਹੈ ਕਿ ਹੱਕ-ਹਕੂਕਾਂ ਲਈ ਆਵਾਜ਼ ਬੁਲੰਦ ਕਰਨ ਵਾਲੇ ਅੰਦੋਲਨਕਾਰੀਆਂ ਵਿਰੁੱਧ ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੀ ਦੇਸ਼ ਦੇ ਪ੍ਰਧਾਨ ਮੰਤਰੀ ਵਾਲੀ ਸੋਚ ਅਤੇ ਪਹੁੰਚ ਰੱਖਦੇ ਹਨ। ਕਿਸਾਨ ਅੰਦੋਲਨ ਨੂੰ ਕੁਚਲਨ ਲਈ ਕੈਪਟਨ ਸਰਕਾਰ ਵੀ ਕੇਂਦਰ ਸਰਕਾਰ ਵਰਗੇ ਹੋਛੇ ਹੱਥਕੰਡੇ ਵਰਤ ਰਹੀ ਹੈ ਤਾਂ ਕਿ ‘ਮੋਦੀ ਸਾਹਿਬ’ ਨਾਰਾਜ਼ ਨਾ ਹੋਣ ਜਾਣ।
ਸੋਮਵਾਰ ਇੱਥੇ ਪ੍ਰੈਸ ਕਾਨਫ਼ਰੰਸ ਦੌਰਾਨ ਪਾਰਟੀ ਦੇ ਕਿਸਾਨ ਵਿੰਗ ਦੇ ਸੂਬਾ ਪ੍ਰਧਾਨ ਅਤੇ ਵਿਧਾਇਕ ਕੁਲਤਾਰ ਸਿੰਘ ਸੰਧਵਾਂ ਨੇ ਸੰਗਰੂਰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ 9 ਦਸੰਬਰ ਨੂੰ ਜਾਰੀ ਕੀਤੇ ਇੱਕ ਪੱਤਰ ਦੀ ਕਾਪੀ ਮੀਡੀਆ ਨੂੰ ਪੇਸ਼ ਕਰਦਿਆਂ ਦੱਸਿਆ ਕਿ ਕੈਪਟਨ ਸਰਕਾਰ ਦਾ ਇਹ ਤੁਗ਼ਲਕੀ ਫ਼ਰਮਾਨ ਕਿਸਾਨ ਅੰਦੋਲਨ ਨੂੰ ਕਮਜ਼ੋਰ ਕਰਨ ਅਤੇ ਮੋਦੀ ਸਰਕਾਰ ਨੂੰ ਖ਼ੁਸ਼ ਕਰਨ ਦਾ ਇੱਕ ਟਰੇਲਰ (ਨਮੂਨਾ) ਹੈ। ਜਿਸ ਮੁਤਾਬਿਕ ਸਥਾਨਕ ਐਸਡੀਐਮ (ਉਪ ਮੰਡਲ ਮਜਿਸਟਰੇਟ) ਬਬਨਦੀਪ ਸਿੰਘ ਨੇ ਪੈਲੇਸ, ਟੈਂਟ ਹਾਊਸ ਅਤੇ ਡੀਜੇ (ਸਾਊਂਡ) ਆਦਿ ਦੇ ਕਾਰੋਬਾਰੀਆਂ-ਦੁਕਾਨਦਾਰਾਂ ਨਾਲ 2 ਦਸੰਬਰ ਨੂੰ ਬੈਠਕ ਕਰਕੇ ਹੁਕਮ ਸੁਣਾਏ ਕਿ ਜਲੂਸ, ਰੈਲੀਆਂ, ਧਰਨਿਆਂ ਆਦਿ ਨੂੰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਮਨਜ਼ੂਰੀ ਲਵੇ ਬਗੈਰ ਟੈਂਟ ਜਾਂ ਸਾਊਂਡ ਆਦਿ ਦਾ ਸਮਾਨ ਨਾ ਦਿੱਤਾ ਜਾਵੇ। ਜੇਕਰ ਅਜਿਹਾ ਨਹੀਂ ਕੀਤਾ ਜਾਂਦਾ ਤਾਂ ਕਾਨੂੰਨੀ ਕਾਰਵਾਈ ਲਈ ਖ਼ੁਦ ਜ਼ਿੰਮੇਵਾਰ ਹੋਣਗੇ।
ਸੰਧਵਾਂ ਨੇ ਕਿਹਾ ਕਿ ਇੱਕ ਪਾਸੇ ਪੰਜਾਬ ਸਮੇਤ ਪੂਰੇ ਦੇਸ਼ ਦਾ ਕਿਸਾਨ ਸੜਕਾਂ-ਚੌਂਕ ਚੁਰਾਹਿਆਂ ਉੱਤੇ ਦਿੱਲੀ ਤੱਕ ਆਪਣੀ ਹੋਂਦ ਦੀ ਲੜਾਈ ਲੜ ਰਿਹਾ ਹੈ, ਦੂਜੇ ਪਾਸੇ ਕੈਪਟਨ ਅਮਰਿੰਦਰ ਸਿੰਘ ਸਰਕਾਰ ਅੰਦੋਲਨਕਾਰੀਆਂ ਨੂੰ ਲੋੜੀਂਦੀਆਂ ਟੈਂਟ ਜਾਂ ਸਾਊਂਡ ਵਰਗੀਆਂ ਜ਼ਰੂਰੀ ਚੀਜ਼ਾਂ ਤੋਂ ਵੀ ਵਾਂਝੇ ਕਰ ਰਹੀ ਹੈ।
ਕੁਲਤਾਰ ਸਿੰਘ ਸੰਧਵਾਂ ਨੇ ਦੋਸ਼ ਲਗਾਇਆ ਕਿ ਅਜਿਹੇ ਗੈਰ-ਜ਼ਰੂਰੀ ਅਤੇ ਲੋਕਤੰਤਰ ਵਿਰੋਧੀ ਸਰਕਾਰੀ ਫ਼ਰਮਾਨ ਮੋਦੀ-ਅਮਿਤ ਸ਼ਾਹ ਨੂੰ ਖ਼ੁਸ਼ ਕਰਨ ਲਈ ਜਾਰੀ ਕੀਤੇ ਜਾ ਰਹੇ ਹਨ। ਜੋ ਤੁਰੰਤ ਵਾਪਸ ਹੋਣੇ ਚਾਹੀਦੇ ਹਨ।
ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਈਡੀ ਅਤੇ ਭਿ੍ਰਸ਼ਟਾਚਾਰ ਦੇ ਕੇਸਾਂ ‘ਚ ਖ਼ੁਦ ਅਤੇ ਆਪਣੇ ਪੁੱਤਰ (ਰਣਇੰਦਰ ਸਿੰਘ) ਦਾ ਈਡੀ ਤੋਂ ਖਹਿੜਾ ਛੁਡਾਉਣ ਲਈ ਕੈਪਟਨ ਅਮਰਿੰਦਰ ਸਿੰਘ ਅਜਿਹੇ ਹੱਥਕੰਡੇ ਵਰਤ ਰਹੇ ਹਨ।
ਸੰਧਵਾਂ ਮੁਤਾਬਿਕ, ‘‘ਕਿਸਾਨਾਂ ਨਾਲ ਕੇਂਦਰੀ ਮੰਤਰੀਆਂ ਦੀ ਮੀਟਿੰਗ ਤੋਂ ਐਨ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਦਾ ਅਚਾਨਕ ਕੇਂਦਰੀ ਗ੍ਰਹਿ-ਮੰਤਰੀ ਅਮਿਤ ਸ਼ਾਹ ਦੇ ਘਰ ਜਾਣਾ ਅਤੇ ਬੰਦ ਕਮਰਾ ਮੀਟਿੰਗ ਕਰਨ ਦਾ ਅਸਲ ਏਜੰਡਾ ਅਮਿਤ ਸ਼ਾਹ ਨੂੰ ਅਜਿਹੀਆਂ ਚਿੱਠੀਆਂ ਦਿਖਾ ਕੇ ਭਰੋਸਾ ਦੇਣਾ ਸੀ ਕਿ ਪੰਜਾਬ ਸਰਕਾਰ ਕਿਸਾਨੀ ਅੰਦੋਲਨ ਨੂੰ ਲੀਹੋਂ ਲਾਹੁਣ ਲਈ ਹਰ ਕੋਸ਼ਿਸ਼ ਕਰ ਰਹੀ ਹੈ, ਤੁਸੀਂ ਮੇਰੇ ਅਤੇ ਮੇਰੇ ਪੁੱਤਰ (ਕੈਪਟਨ ਅਤੇ ਰਣਇੰਦਰ ਸਿੰਘ) ਉੱਤੇ ਈਡੀ ਕੇਸਾਂ ‘ਚ ਮਿਹਰਬਾਨੀ ਰੱਖਿਓ।’’
ਸੰਧਵਾਂ ਨੇ ਕਿਹਾ ਕਿ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਕੈਪਟਨ ਅਮਰਿੰਦਰ ਸਿੰਘ ਦੀ ਹੋਈ ਇਕਲੌਤੀ ਬੈਠਕ ਇੱਕ ਡੀਲ (ਸੌਦੇਬਾਜ਼ੀ) ਤੋਂ ਬਗੈਰ ਕੁੱਝ ਵੀ ਨਹੀਂ ਸੀ।
ਸੰਧਵਾਂ ਨੇ ਕਿਹਾ ਕਿ ਕੈਪਟਨ ਨੇ ਕਿਸਾਨ ਅੰਦੋਲਨ ਦੀ ਪਿੱਠ ‘ਚ ਛੁਰੇ ਮਾਰ ਕੇ ਖ਼ੁਦ ਤਾਂ ਈਡੀ ਤੋਂ ਖਹਿੜਾ ਛੁਡਾ ਲਿਆ, ਪਰੰਤੂ ਕਿਸਾਨ ਅੰਦੋਲਨ ਦੀ ਡਟ ਕੇ ਹਿਮਾਇਤ ਕਰ ਰਹੇ ਆੜ੍ਹਤੀਆਂ-ਵਪਾਰੀਆਂ ਮਗਰ ਇਨਕਮ ਟੈਕਸ ਦੀਆਂ ਟੀਮਾਂ ਪਾ ਦਿੱਤੀਆਂ।
ਸੰਧਵਾਂ ਨੇ ਇਨਕਮ ਟੈਕਸ ਦੇ ਛਾਪਿਆਂ ਦੀ ਜ਼ੋਰਦਾਰ ਨਿਖੇਧੀ ਕਰਦੇ ਹੋਏ ਕਿਹਾ ਕਿ ਪੂਰਾ ਦੇਸ਼ ਕਿਸਾਨਾਂ ਨਾਲ ਖੜ੍ਹਾ ਹੈ। ਕੀ ਮੋਦੀ ਸਰਕਾਰ ਸਾਰੇ ਦੇਸ਼ ਵਾਸੀਆਂ ‘ਤੇ ਛਾਪੇਮਾਰੀ ਕਰਵਾਏਗੀ।
ਸੰਧਵਾਂ ਨੇ ਕੈਪਟਨ ਸਰਕਾਰ ਵੱਲੋਂ ਈਟੀਟੀ ਬੇਰੁਜ਼ਗਾਰ ਅਧਿਆਪਕਾਂ ‘ਤੇ ਕੀਤੀ ਲਾਠੀਚਾਰਜ ਅਤੇ ਉਨ੍ਹਾਂ ਨੂੰ ਰਾਤ ਦੇ ਸਮੇਂ ਗਰਮ ਕੱਪੜੇ ਨਾ ਦਿੱਤੇ ਜਾਣ ਦੀ ਨਿਖੇਧੀ ਕਰਦਿਆਂ ਕਿਹਾ ਕਿ ਮੋਦੀ ਸਰਕਾਰ ਹੱਕ ਮੰਗ ਰਹੇ ਕਿਸਾਨਾਂ ਨੂੰ ਠੰਢ ‘ਚ ਮਾਰ ਰਹੀ ਹੈ ਅਤੇ ਉਹੀ ਰਾਹ ਕੈਪਟਨ ਅਮਰਿੰਦਰ ਸਿੰਘ ਨੇ ਫੜਿਆ ਹੋਇਆ ਹੈ।
ਇਸ ਮੌਕੇ ਉਨ੍ਹਾਂ ਨਾਲ ਨਿਹਾਲ ਸਿੰਘ ਵਾਲਾ ਤੋਂ ਵਿਧਾਇਕ ਮਨਜੀਤ ਸਿੰਘ ਬਿਲਾਸਪੁਰ ਅਤੇ ਮਹਿਲ ਕਲਾਂ ਤੋਂ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਵੀ ਮੌਜੂਦ ਸਨ।

Listen Live

Subscription Radio Punjab Today

Our Facebook

Social Counter

  • 18577 posts
  • 1 comments
  • 0 fans

Log In