ਚੰਡੀਗੜ,5 ਨਵੰਬਰ(ਹਰਜੀਤ ਮਠਾੜੂ) – ਖੇਤੀ ਕਾਨੂੰਨਾਂ ਦੇ ਖਿਲਾਫ ਕਿਸਾਨ ਜਥੇਬੰਦੀਆਂ ਵੱਲੋਂ ਅੱਜ ਪੰਜਾਬ ਬੰਦ ਦੇ ਸੱਦੇ ਦਾ ਅਸਰ ਪੰਜਾਬ ‘ਚ ਪੂਰੀ ਤਰ੍ਹਾਂ ਦੇਖਣ ਨੂੰ ਮਿਲਿਆ। ਇਸ ਤਹਿਤ ਕਿਸਾਨ ਜਥੇਬੰਦੀਆਂ ਨੇ ਪੂਰੇ ਪੰਜਾਬ ‘ਚ ਵੱਖ-ਵੱਖ ਥਾਈਂ ਆਵਾਜਾਈ ਰੋਕ ਕਰਕੇ ਚੱਕਾ ਜਾਮ ਕੀਤਾ।
ਕਿਸਾਨ ਜਥੇਬੰਦੀਆਂ ਵਲੋਂ ਦਿੱਤੇ ਸੱਦੇ ਤਹਿਤ ਗੜ੍ਹਸ਼ੰਕਰ ਨੇੜੇ ਚੰਡੀਗੜ੍ਹ ਰੋਡ ‘ਤੇ ਪਿੰਡ ਪਨਾਮ ਵਿਖੇ ਕਿਸਾਨ ਜਥੇਬੰਦੀਆਂ ਵਲੋਂ ਰਿਲਾਇੰਸ ਪੈਟਰੋਲ ਪੰਪ ਕੋਲ ਸੜਕ ‘ਤੇ ਜਾਮ ਲਗਾ ਕੇ ਖੇਤੀ ਕਾਨੂੰਨਾਂ ਨੂੰ ਲੈ ਕੇ ਕੇਂਦਰ ਸਰਕਾਰ ਖ਼ਿਲਾਫ਼ ਰੋਸ ਪ੍ਰਗਟਾਇਆ ਜਾ ਰਿਹਾ ਹੈ।
ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਅੰਮ੍ਰਿਤਸਰ ਜ਼ਿਲ੍ਹੇ ‘ਚ ਗੋਲਡਨ ਗੇਟ ਨਜ਼ਦੀਕ ਸਰਵਣ ਸਿੰਘ ਪੰਧੇਰ ਦੀ ਅਗਵਾਈ ‘ਚ ਚੱਕਾ ਜਾਮ ਕਰਕੇ ਕੇਂਦਰ ਸਰਕਾਰ ਖਿਲਾਫ ਨਾਅਰੇਬਾਜੀ ਕੀਤੀ।
ਕਿਸਾਨ ਜਥੇਬੰਦੀਆਂ ਵੱਲੋਂ 4 ਘੰਟੇ ਲਈ ਅੱਜ ਖਡੂਰ ਸਾਹਿਬ ਦੇ ਮੇਨ ਬਾਜ਼ਾਰ ਵਿਚ ਚੱਕਾ ਜਾਮ ਕਰਕੇ ਮੋਦੀ ਸਰਕਾਰ, ਅਕਾਲੀ ਦਲ ਤੇ ਕੈਪਟਨ ਖਿਲਾਫ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਜਿਸ ਦੀ ਅਗਵਾਈ ਕਰਦਿਆਂ ਕਿਸਾਨ ਮਜਦੂਰ ਸੰਘਰਸ਼ ਕਮੇਟੀ ਪੰਜਾਬ ਦੇ ਜੋਨ ਖਡੂਰ ਸਾਹਿਬ ਦੇ ਪ੍ਰਧਾਨ ਦਿਆਲ ਸਿੰਘ ਮੀਆਂਵਿੰਡ ਅਤੇ ਲਖਬੀਰ ਸਿੰਘ ਵੈਰੋਵਾਲ ਨੇ ਕਿਹਾ ਕਿ ਮੋਦੀ ਸਰਕਾਰ ਨੇ ਤਿੰਨ ਕਾਲੇ ਕਾਨੂੰਨ ਪਾਸ ਕਰਕੇ ਕਿਸਾਨਾਂ ਦੀ ਪਿੱਠ ਵਿਚ ਛੂਰਾ ਮਾਰਿਆ ਹੈ।
ਕਿਸਾਨ ਜਥੇਬੰਦੀਆਂ ਵਲੋਂ ਪੂਰੇ ਭਾਰਤ ‘ਚ ਕੀਤੇ ਗਏ 4 ਘੰਟੇ ਦੇ ਚੱਕਾ ਜਾਮ ਦੀ ਹਮਾਇਤ ਕਰਦਿਆਂ ‘ਦੀ ਲੋਹੀਆਂ ਟਰੱਕ ਵੈੱਲਫੇਅਰ ਸੁਸਾਇਟੀ ਲੋਹੀਆਂ ਖ਼ਾਸ’ ਵਲੋਂ ਜਲੰਧਰ-ਫ਼ਿਰੋਜ਼ਪੁਰ ਨੈਸ਼ਨਲ ਹਾਈਵੇ ਆਪਣੇ ਟਰੱਕ ਨਿੱਕੇ ਰੁਕ ਲਗਾ ਕੇ ਚੱਕਾ ਜਾਮ ਕਰ ਦਿੱਤਾ। ਇਸ ਮੌਕੇ ਯੂਨੀਅਨ ਦੇ ਪ੍ਰਧਾਨ ਗੁਰਚਰਨ ਸਿੰਘ ਸਫ਼ਰੀ, ਖ਼ਜ਼ਾਨਚੀ ਬਲਜ਼ੌਰ ਸਿੰਘ, ਸੈਕਟਰੀ ਅਮਰਜੀਤ ਸਿੰਘ ਬੇਦੀ, ਸੈਕਟਰੀ ਸਵਰਨ ਸਿੰਘ ਸਿੱਧੂਪੁਰ ਅਤੇ ਅਜੀਤ ਸਿੰਘ ਦੀ ਅਗਵਾਈ ਹੇਠ ਵੱਡੀ ਗਿਣਤੀ ‘ਚ ਟਰੱਕ ਮਾਲਕਾਂ, ਡਰਾਈਵਰਾਂ ਅਤੇ ਕਲੀਨਰਾਂ ਨੇ ਹਿੱਸਾ ਲਿਆ।
ਕਿਸਾਨ ਜਥੇਬੰਦੀਆਂ ਵਲੋਂ ਅੱਜ ਦੇਸ਼ ਵਿਆਪੀ ਚੱਕਾ ਜਾਮ ਦੇ ਸੱਦੇ ਨੂੰ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿਚ ਭਰਵਾਂ ਹੁੰਗਾਰਾ ਮਿਲਿਆ। ਕਿਸਾਨਾਂ ਵਲੋਂ ਸ੍ਰੀ ਮੁਕਤਸਰ ਸਾਹਿਬ ਤੋਂ ਕੋਟਕਪੂਰਾ ਮੁੱਖ ਮਾਰਗ ਜਾਮ ਕਰਕੇ ਕੇਂਦਰ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ ਅਤੇ ਖੇਤੀ ਕਾਨੂੰਨ ਰੱਦ ਕਰਨ ਦੀ ਮੰਗ ਕੀਤੀ ਗਈ। ਇਸ ਤੋਂ ਇਲਾਵਾ ਗਿੱਦੜਬਾਹਾ, ਮਲੋਟ ਅਤੇ ਡੱਬਵਾਲੀ ਵਿਖੇ ਵੀ ਸੜਕਾਂ ‘ਤੇ ਧਰਨੇ ਦੇ ਕੇ ਕਿਸਾਨਾਂ ਵਲੋਂ ਆਵਾਜਾਈ ਠੱਪ ਕੀਤੀ ਗਈ ਹੈ।
ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ( ਪੰਜਾਬ ) ਵੱਲੋਂ ਜਿੱਥੇ ਵੱਖ ਵੱਖ ਥਾਵਾ ਤੇ ਭਾਰਤ ਬੰਦ ਦੇ ਸੱਦੇ ਨੂੰ ਪੂਰਨ ਹਮਾਇਤ ਕਰਦਿਆ ਚੱਕੇ ਜਾਮ ਕੀਤੇ ਗਏ ਇਸੇ ਤਰਾ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਪੱਟੀ ਦੇ ਮੈਨ ਚੌਂਕ ਵਿਚ ਤਰਸੇਮ ਸਿੰਘ ਧਾਰੀਵਾਲ ਅਤੇ ਗੁਰਭੇਜ ਸਿੰਘ ਧਾਰੀਵਾਲ ਦੀ ਪ੍ਰਧਾਨਗੀ ਹੇਠ ਚੱਕਾ ਜਾਮ ਕੀਤਾ ਗਿਆ।
ਦੇਸ਼ ਦੀਆਂ ਸਮੂਹ ਕਿਸਾਨ ਜਥੇਬੰਦੀਆਂ ਵਲੋਂ ਦੇਸ਼ ਭਰ ਵਿਚ ਦਿੱਤੇ ਗਏ ਚਾਰ ਘੰਟੇ ਦੇ ਸੜਕ ਜਾਮ ਦੇ ਸੱਦੇ ‘ਤੇ ਜਲਾਲਾਬਾਦ ਵਿਚ ਫ਼ਿਰੋਜਪੁਰ ਫ਼ਾਜ਼ਿਲਕਾ ਸੜਕ ਅਤੇ ਜਲਾਲਾਬਾਦ ਦੇ ਰਿਲਾਇੰਸ ਪੰਪ ਦੇ ਸਾਹਮਣੇ ਅਤੇ ਮਾਹਮੂਜੋਇਆ ਟੂਲ ਟੈਕਸ ਤੇ ਵੱਡੀ ਗਿਣਤੀ ਵਿਚ ਕਿਸਾਨਾਂ ਨੇ ਪਹੁੰਚ ਕੇ ਧਰਨਾ ਲਗਾਇਆ ਹੋਇਆ ਹੈ ਅਤੇ ਮੋਦੀ ਸਰਕਾਰ ਵਿਰੁੱਧ ਆਪਣਾ ਜ਼ੋਰਦਾਰ ਰੋਸ ਪ੍ਰਗਟ ਕਰ ਰਹੇ ਹਨ।
ਭਾਰਤ ਬੰਦ ਦੇ ਸੱਦੇ ਤੇ ਜ਼ੀਰਾ ਵਿਖੇ ਨੈਸਨਲ ਹਾਈਵੇ ‘ਤੇ ਵਿਸ਼ਾਲ ਧਰਨਾ ਲਗਾਇਆ ਗਿਆ ਜਿਸ ਵਿਚ ਵੱਡੀ ਗਿਣਤੀ ‘ਚ ਬੀਬੀਆਂ ਨੇ ਸ਼ਿਰਕਤ ਕੀਤੀ। ਇਸ ਮੌਕੇ ਵੱਖ-ਵੱਖ ਬੁਲਾਰਿਆਂ ਵੱਲੋਂ ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਬਿਲਾਂ ਦੀ ਨਿਖੇਧੀ ਕੀਤੀ ਗਈ ਇਸ ਧਰਨੇ ਵਿਚ ਕਈ ਕਿਸਾਨ ਜੱਥੇਬੰਦੀਆਂ ਦੇ ਆਗੂ ਹਾਜ਼ਰ ਸਨ।
ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਜ਼ੋਨ ਅੱਚਲ ਸਾਹਿਬ ਦੇ ਕਾਰਜਕਾਰੀ ਪ੍ਰਧਾਨ ਹਰਭਜਨ ਸਿੰਘ ਵੈਰੋਨੰਗਲ ਦੀ ਅਗਵਾਈ ‘ਚ ਬਟਾਲਾ ਦੇ ਬੱਸ ਸਟੈਂਡ ਨਜ਼ਦੀਕ ਐਸ. ਐਸ. ਪੀ. ਦਫ਼ਤਰ ਦੇ ਸਾਹਮਣੇ ਗੁਰਦਾਸਪੁਰ ਰੋਡ ਜਾਮ ਕਰ ਕੇ ਮੋਦੀ ਸਰਕਾਰ ਖ਼ਿਲਾਫ਼ ਜੰਮ ਦੇ ਨਾਅਰੇਬਾਜ਼ੀ ਕੀਤੀ ਜਾ ਰਹੀ ਹੈ।