ਸ੍ਰੀ ਮੁਕਤਸਰ ਸਾਹਿਬ, 15 ਅਗਸਤ (ਪਰਗਟ ਸਿੰਘ) – ਗੁਰੂ ਗੋਬਿੰਦ ਸਿੰਘ ਸਟੇਡੀਅਮ ਸ੍ਰੀ ਮੁਕਤਸਰ ਸਾਹਿਬ ਵਿਖੇ ਮਨਾਏ ਗਏ ਜ਼ਿਲ੍ਹਾ ਪੱਧਰੀ ਆਜਾਦੀ ਦਿਵਸ ਮੌਕੇ ਰਾਣਾ ਗੁਰਮੀਤ ਸਿੰਘ ਸੋਢੀ,ਯੁਵਕ ਸੇਵਾਵਾਂ ਅਤੇ ਖੇਡ ਮੰਤਰੀ ਪੰਜਾਬ, ਨੇ ਕੌਮੀ ਝੰਡਾ ਲਹਿਰਾਇਆ।
ਇਸ 74ਵੇਂ ਸੁਤੰਤਰਤਾ ਦਿਵਸ ਸਮਾਗਮ ਮੌਕੇ ਆਪਣੇ ਸੰਬੋਧਨ ਵਿਚ ਸ.ਸੋਢੀ ਨੇ ਸ੍ਰੀ ਮੁਕਤਸਰ ਸਾਹਿਬ ਦੇ ਚਾਲੀ ਮੁਕਤਿਆਂ ਸਮੇਤ ਦੇਸ਼ ਦੀ ਅਜਾਦੀ ਲਈ ਜਾਨਾਂ ਵਾਰਨ ਵਾਲੇ ਸ਼ਹੀਦਾਂ ਦੀ ਸ਼ਹਾਦਤ ਨੂੰ ਨਮਨ ਕਰਦਿਆਂ ਸੁਤੰਤਰਤਾ ਸੰਗਰਾਮ ਦੀ ਗਾਥਾ ਸਾਂਝੀ ਕੀਤੀ ਅਤੇ ਇਸ ਲੜਾਈ ਵਿਚ ਪੰਜਾਬੀਆਂ ਦੇ ਯੋਗਦਾਨ ਨੂੰ ਵੀ ਸਿਜਦਾ ਕੀਤਾ। ਉਨਾਂ ਨੇ ਅਜਾਦੀ ਤੋਂ ਬਾਅਦ ਦੇਸ਼ ਨੂੰ ਅਨਾਜ ਉਤਪਾਦਨ ਵਿਚ ਆਤਮ ਨਿਰਭਰ ਕਰਨ ਵਾਲੇ ਕਿਸਾਨਾਂ ਦੀ ਮਿਹਨਤ ਦੀ ਸਲਾਘਾ ਕੀਤੀ।
ਉਹਨਾਂ ਕਿਹਾ ਕਿ ਸਾਨੂੰ ਮਾਣ ਹੈ ਕਿ ਦੇਸ਼ ਦੇ ਆਜ਼ਾਦੀ ਸੰਘਰਸ਼ ਦੌਰਾਨ ਪੰਜਾਬੀਆਂ ਦੀਆਂ ਕੁਰਬਾਨੀਆਂ ਸਭ ਤੋਂ ਜ਼ਿਆਦਾ ਰਹੀਆਂ ਅਤੇ ਦੇਸ਼ ਨੂੰ ਆਜ਼ਾਦ ਕਰਵਾਉਣ ਲਈ ਸ਼ਹੀਦ ਹੋਏ ਕੁੱਲ ਆਜ਼ਾਦੀ ਘੁਲਾਟੀਆਂ ਵਿੱਚ 80 ਫੀਸਦੀ ਦੇ ਕਰੀਬ ਯੋਗਦਾਨ ਪੰਜਾਬੀਆਂ ਦਾ ਰਿਹਾ।ਆਜ਼ਾਦੀ ਦੇ ਏਨੇ ਸਾਲਾਂ ਬਾਅਦ ਦੇਸ਼ ਦੇ ਆਵਾਮ ਦਾ ਜੀਵਨ ਪੱਧਰ ਉੱਚਾ ਚੁੱਕਣ ਲਈ ਹਾਲੇ ਵੀ ਬਹੁਤ ਕੁਝ ਕਰਨ ਦੀ ਲੋੜ ਹੈ। ਪੰਜਾਬ ਸਰਕਾਰ ਵੱਲੋਂ ਪਿਛਲੇ ਤਿੰਨ ਸਾਲ ਵਿੱਚ ਲੋਕਾਂ ਦੇ ਜੀਵਨ ਮਿਆਰ ਨੂੰ ਉੱਚਾ ਚੁੱਕਣ ਲਈ ਸਿਰਤੋੜ ਯਤਨ ਕੀਤੇ ਜਾ ਰਹੇ ਹਨ।
ਸ.ਸੋਢੀ ਨੇ ਕਿਹਾ ਕਿ ਬੇਸ਼ਕ ਸਾਡੇ ਮੁਲਕ ਨੇ ਅਜਾਦੀ ਤੋਂ ਬਾਅਦ ਤਰੱਕੀ ਦੀ ਲਾਮਿਸਾਲ ਗਾਥਾ ਲਿਖੀ ਹੈ ਪਰ ਹਾਲੇ ਵੀ ਬਹੁਤ ਕੁਝ ਕਰਨਾ ਬਾਕੀ ਹੈ। ਅਸੀਂ ਲੰਬੀ ਵਾਟ ਤੈਅ ਕੀਤੀ ਹੈ ਪਰ ਸਾਡੀ ਮੰਜਿਲ ਹਾਲੇ ਵੀ ਦੂਰ ਹੈ ਜਿਸ ਲਈ ਹਰ ਇਕ ਦੇਸ਼ ਵਾਸੀ ਨੂੰ ਦੇਸ਼ ਭਗਤੀ ਦੀ ਭਾਵਨਾ ਨਾਲ ਇਕ ਦੂਜੇ ਦੇ ਮੋਢੇ ਨਾਲ ਮੋਢਾ ਜੋੜ ਕੇ ਅੱਗੇ ਵਧਣਾ ਹੋਵੇਗਾ ਤਾਂ ਜੋ ਅਸੀਂ ਆਪਣੇ ਦੇਸ਼ ਨੂੰ ਵਿਸ਼ਵ ਸ਼ਕਤੀ ਬਣਾ ਸਕੀਏ।
ਇਸ ਮੌਕੇ ਉਨਾਂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਪਿੱਛਲੇ ਕਾਰਜਕਾਲ ਸਮੇਂ ਸ੍ਰੀ ਮੁਕਤਸਰ ਸਾਹਿਬ ਦੇ ਇਤਿਹਾਸਕ, ਧਾਰਮਿਕ ਅਤੇ ਸਭਿਆਚਾਰਕ ਪਿੱਛੋਕੜ ਨੂੰ ਧਿਆਨ ਵਿਚ ਰੱਖਦਿਆਂ ਇੱਥੇ ਮੁਕਤ ਏ ਮਿਨਾਰ, ਯਾਦਗਾਰੀ ਗੇਟ ਬਣਾਏ ਜਾਣ ਨੂੰ ਯਾਦ ਕਰਦਿਆਂ ਕਿਹਾ ਕਿ ਇਸ ਵਾਰ ਵੀ ਸਰਕਾਰ ਇਸ ਖਿੱਤੇ ਦੇ ਵਿਕਾਸ ਨੂੰ ਵਿਸੇਸ਼ ਤਰਜੀਹ ਦੇ ਰਹੀ ਹੈ।
ਉਹਾ ਕਿਹਾ ਕਿ ਹਾਲਾਂਕਿ ਕਰੋਨਾ ਨੇ ਪੂਰੀ ਦੁਨੀਆ ਦੇ ਵਿਕਾਸ ਦੀ ਰਫ਼ਤਾਰ ਮੱਧਮ ਕਰ ਦਿੱਤੀ ਹੈ ਪਰ ਸਾਨੂੰ ਮਾਣ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਰਹਿਨੁਮਾਈ ਵਿੱਚ ਪੰਜਾਬ ਸੂਬਾ ਅੱਜ ਖੇਤੀਬਾੜੀ, ਬਿਜਲੀ, ਬੁਨਿਆਦੀ ਢਾਂਚੇ, ਸ਼ਹਿਰੀ ਵਿਕਾਸ, ਪਿੰਡਾਂ ਦੇ ਸਰਵਪੱਖੀ ਵਿਕਾਸ, ਸਿੱਖਿਆ, ਸਿਹਤ, ਸਨਅਤ, ਨਾਗਰਿਕ ਸੇਵਾਵਾਂ ਅਤੇ ਵੀਆਈਪੀ ਕਲਚਰ ਖ਼ਤਮ ਕਰਨ ਕਰਕੇ ਨਾਮਣਾ ਖੱਟ ਰਿਹਾ ਹੈ।
ਉਨਾਂ ਨੇ ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿਚ ਸ਼ੁਰੂ ਕੀਤੀ ਕਰਜਾ ਰਾਹਤ ਸਕੀਮ ਦਾ ਜ਼ਿਕਰ ਕਰਦਿਆਂ ਦੱਸਿਆ ਕਿ ਸਰਕਾਰ ਨੇ ਪਿਛਲੀਆਂ 7 ਫਸਲਾਂ ਜਿੱਥੇ ਹੱਥੋ ਹੱਥ ਚੁਕਾਈਆਂ ਅਤੇ 48 ਘੰਟਿਆ ਅੰਦਰ ਫਸਲਾਂ ਦੀ ਅਦਾਇਗੀ ਕਰਵਾਈ ਗਈ, ਉਥੇ ਹੀ ਕਿਸਾਨਾਂ ਨੂੰ 5.64 ਲੱਖ ਕਿਸਾਨਾਂ ਦਾ 4700 ਕਰੋੜ ਰੁਪਏ ਦਾ ਕਰਜਾ ਵੀ ਮੁਆਫ ਕੀਤਾ ਗਿਆ ਹੈ।ਉਹਨਾਂ ਅੱਗੇ ਦੱਸਿਆ ਕਿ ਕੋਰੋਨਾ ਮਹਾਮਾਰੀ ਦੇ ਚੱਲਦਿਆਂ ਅਨਾਜ ਮੰਡੀਆ ਵਿੱਚ ਕਣਕ ਦੇ ਸੀਜਨ ਦੌਰਾਨ ਕੋਈ ਵੀ ਦਿੱਕਤ ਨਹੀਂ ਆਉਣ ਦਿੱਤੀ ਅਤੇ ਕਿਸਾਨਾਂ ਨੂੰ 28 ਹਜ਼ਾਰ ਕਰੋੜ ਰੁਪਏ ਦੀ ਅਦਾਇਗੀ ਇਸ ਕਣਕ ਦੇ ਸੀਜਣ ਸਮੇਂ ਕੀਤੀ ਗਈ । ਸੂਬੇ ਵਿੱਚੋਂ ਨਸ਼ਿਆਂ ਦੇ ਖਾਤਮੇ ਲਈ ਸਾਡੀ ਸਰਕਾਰ ਪੂਰੀ ਸਖਤੀ ਵਰਤ ਰਹੀ ਹੈ। ਮੈਂ ਨੌਜਵਾਨਾਂ ਨੂੰ ਵੀ ਅਪੀਲ ਕਰਦਾ ਹਾਂ ਕਿ ਉਹ ਇਸ ਬਿਮਾਰੀ ਤੋਂ ਦੂਰ ਰਹਿਣ ਅਤੇ ਆਪਣੇ ਆਸ-ਪਾਸ ਇਕ ਤੰਦਰੁਸਤ ਸਮਾਜ ਦੀ ਸਿਰਜਣਾ ਕਰਨ।
ਕਿਸੇ ਵੀ ਦੇਸ਼, ਕੌਮ ਦੀ ਉੱਨਤੀ ਉੱਥੋਂ ਦੇ ਪੜੇ-ਲਿਖੇ ਮੁੰਡੇ-ਕੁੜੀਆਂ ’ਤੇ ਨਿਰਭਰ ਕਰਦੀ ਹੈ ਅਤੇ ਸਿੱਖਿਆ ਦੇ ਖੇਤਰ ਵਿੱਚ ਸਾਡੀ ਸਰਕਾਰ ਦੀਆਂ ਅਹਿਮ ਪ੍ਰਾਪਤੀਆਂ ਹਨ।
ਉਹਨਾਂ ਦੱਸਿਆ ਕਿ ਅਸੀਂ ਕਰੋਨਾ ਖ਼ਿਲਾਫ਼ ਜੰਗ ਲੜੀ ਹੈ ਅਤੇ ਲੜ ਰਹੇ ਹਾਂ। ਇਸ ਦੇ ਸਾਰਥਕ ਨਤੀਜੇ ਵੀ ਜਲਦ ਹੀ ਸਾਡੇ ਸਾਰਿਆਂ ਸਾਹਮਣੇ ਹੋਣਗੇ।ਉਹਨਾਂ ਦੱਸਿਆ ਕਿ ਭਾਵੇਂ ਕਰੋਨਾ ਕਰਕੇ ਹਾਲ ਦੀ ਘੜੀ ਵਿੱਦਿਅਕ ਸੰਸਥਾਵਾਂ ਬੰਦ ਹਨ ਪਰ ਸਾਡੀ ਸਰਕਾਰ ਨੇ ਬਾਰਵੀਂ ਜਮਾਤ ਤੱਕ ਸਾਰਿਆਂ ਨੂੰ ਮੁਫਤ ਸਿੱਖਿਆ ਮੁਹੱਈਆ ਕਰਵਾਉਣ ਦਾ ਫੈਸਲਾ ਲਿਆ ਹੋਇਆ ਹੈ।ਵਿਦਿਆਰਥੀਆਂ ਨੂੰ ਪੁਸਤਕਾਂ ਮੁਫ਼ਤ ਦਿੱਤੀਆ ਜਾ ਰਹੀਆਂ ਹਨ ਅਤੇ 12ਵੀਂ ਕਲਾਸ ਵਿੱਚ ਪੜ੍ਹਣ ਵਾਲੇ ਲੜਕੇ ਅਤੇ ਲੜਕੀਆਂ ਨੂੰ ਆਧੁਨਿਕ ਤਕਨੀਕ ਨਾਲ ਜੋੜਣ ਲਈ ਪੌਣੇ ਦੋ ਲੱਖ ਸਮਾਰਟ ਫੋਨ ਦਿੱਤੇ ਜਾ ਰਹੇ ਹਨ ਅਤੇ ਜਿਹਨਾਂ ਤੇ 92 ਕਰੋੜ ਰੁਪਏ ਖਰਚਾ ਆਇਆ ਹੈ ਅਤੇ ਵਿਦਿਆਰਥੀ ਇਸ ਸਮਾਰਟ ਫੋਨ ਰਾਹੀਂ ਈ ਸਿੱਖਿਆ ਪ੍ਰਾਪਤ ਕਰ ਸਕਣਗੇ।
ਘਰ-ਘਰ ਰੋਜ਼ਗਾਰ ਯੋਜਨਾ ਰਾਹੀਂ ਨੌਜਵਾਨਾਂ ਨੂੰ ਜਿੱਥੇ ਰੋਜ਼ਗਾਰ ਦੇ ਵਧੇਰੇ ਮੌਕੇ ਦਿੱਤੇ ਜਾ ਰਹੇ ਹਨ, ਉੱਥੇ ਸਰਕਾਰੀ ਮੁਲਾਜ਼ਮਾਂ ਦੇ ਸੇਵਾਕਾਲ ਵਿੱਚ ਦੋ ਸਾਲ ਦਾ ਵਾਧਾ ਖ਼ਤਮ ਕਰ ਦਿੱਤਾ ਗਿਆ ਹੈ ਤਾਂ ਜੋ ਜ਼ਿਆਦਾ ਤੋਂ ਜ਼ਿਆਦਾ ਮੁੰਡੇ-ਕੁੜੀਆਂ ਸਰਕਾਰੀ ਸੇਵਾ ਵਿੱਚ ਆਉਣ ਦਾ ਮੌਕਾ ਮਿਲੇਗਾ।
ਉਹਨਾਂ ਅੱਗੇ ਦੱਸਿਆ ਕਿ ਪੰਜਾਬ ਸਰਕਾਰ ਨੇ 58 ਹਜ਼ਾਰ ਦੇ ਕਰੀਬ ਸਰਕਾਰੀ ਨੌਕਰੀਆਂ ਦਿੱਤੀਆਂ ਹਨ, ਜਦੋਂ ਕਿ ਨਿੱਜੀ ਖੇਤਰ ਵਿੱਚ ਇਹ ਗਿਣਤੀ 4 ਲੱਖ ਦੇ ਕਰੀਬ ਬਣਦੀ ਹੈ। 7 ਲੱਖ ਤੋਂ ਜ਼ਿਆਦਾ ਨੌਜਵਾਨਾਂ ਨੂੰ ਸਵੈ-ਰੋਜ਼ਗਾਰ ਸ਼ੁਰੂ ਕਰਨ ਵਿੱਚ ਸਹਾਇਤਾ ਕੀਤੀ ਗਈ ਹੈ।
ਪੇਂਡੂ ਖੇਤਰਾਂ ਵਿੱਚ ਹਰ ਘਰ ਨੂੰ ਪਾਇਪ ਰਾਹੀਂ ਪੀਣਯੋਗ ਪਾਣੀ ਸਪਲਾਈ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ। ਇਸ ਮਕਸਦ ਲਈ 63 ਫੀਸਦੀ ਘਰਾਂ ਨੂੰ ਪਹਿਲਾਂ ਹੀ ਕਵਰ ਕੀਤਾ ਜਾ ਚੁੱਕਾ ਹੈ ਅਤੇ ਅਗਲੇ ਸਾਲ ਦਸੰਬਰ ਤੱਕ ਬਾਕੀ ਬਚਦੇ ਪੇਂਡੂ ਖੇਤਰਾਂ ਦੇ 37 ਫ਼ੀਸਦੀ ਘਰਾਂ ਨੂੰ ਵੀ ਕਵਰ ਕਰ ਲਿਆ ਜਾਵੇਗਾ।
ਸਾਡੀ ਸਰਕਾਰ ਨੇ ਸਮਾਜਿਕ ਸੁਰੱਖਿਆ ਪੈਨਸ਼ਨ 500 ਰੁਪਏ ਤੋਂ ਵਧਾ ਕੇ 750 ਰੁਪਏ ਕੀਤੀ, ਜਿਸ ਦਾ 24 ਲੱਖ ਦੇ ਕਰੀਬ ਲੋਕ ਲਾਭ ਲੈ ਰਹੇ ਹਨ।
ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਸਰਕਾਰ ਪੂਰੇ ਜ਼ੋਰ ਸ਼ੋਰ ਨਾਲ ਕੰਮ ਕਰ ਰਹੀ ਹੈ ਅਤੇ ਇਸ ਤਹਿਤ ਪਟਿਆਲਾ ਵਿਖੇ ਇਕ ਖੇਡ ਯੂਨੀਵਰਸਿਟੀ ਸਥਾਪਤ ਕੀਤੀ ਗਈ ਹੈ।
ਸਰਕਾਰ ਨੇ ਕੌਮਾਂਤਰੀ/ਕੌਮੀ/ਸੂਬਾ ਪੱਧਰ ਉਤੇ ਇਨਾਮ ਜਿੱਤਣ ਵਾਲੇ 903 ਤਮਗਾ ਜੇਤੂ ਖਿਡਾਰੀਆਂ ਨੂੰ ਕੁੱਲ 2.97 ਕਰੋੜ ਰੁਪਏ ਦੇ ਇਨਾਮ ਦਿੱਤੇ ਹਨ।
ਸੂਬਾ ਸਰਕਾਰ ਨੇ ਸਾਲ 2011 ਤੋਂ 2018 ਤੱਕ ਦੇ ਜੇਤੂਆਂ ਨੂੰ ਮਹਾਰਾਜਾ ਰਣਜੀਤ ਸਿੰਘ ਐਵਾਰਡ ਦਿੱਤੇ, ਜਿਸ ਵਿੱਚ ਹਰੇਕ ਲਈ ਦੋ ਲੱਖ ਰੁਪਏ ਦਾ ਚੈੱਕ ਤੇ ਟਰਾਫ਼ੀ ਸ਼ਾਮਲ ਹੈ।
ਸੂਬਾ ਸਰਕਾਰ ਦੀਆਂ ਖੇਡਾਂ ਨੂੰ ਪ੍ਰਫੁੱਲਿਤ ਕਰਨ ਦੀਆਂ ਕੋਸ਼ਿਸ਼ਾਂ ਕਾਰਨ ਹੀ ਗੁਹਾਟੀ (ਆਸਾਮ) ਵਿੱਚ ਹੋਈਆਂ ‘ਖੇਲੋ ਇੰਡੀਆ ਗੇਮਜ਼’ ਵਿੱਚ ਪੰਜਾਬ ਦੇ ਖਿਡਾਰੀਆਂ ਨੇ ਸੋਨੇ ਦੇ 16, ਚਾਂਦੀ ਦੇ 15 ਅਤੇ ਕਾਂਸੀ ਦੇ 28 ਤਮਗੇ ਜਿੱਤ ਕੇ ਪੰਜਾਬ ਦਾ ਨਾਂ ਰੌਸ਼ਨ ਕੀਤਾ।ਉਹਨਾਂ ਦੱਸਿਆ ਕਿ ਸ਼ਹਿਰੀ ਅਤੇ ਪੇਂਡੂ ਖੇਤਰਾਂ ਦੇ ਸਟੇਡੀਅਮਾਂ ਦਾ ਸੁੰਦਰੀਕਰਨ ਕੀਤਾ ਜਾ ਰਿਹਾ ਹੈ ਤਾਂ ਜੋ ਰਾਜ ਦੇ ਨੌਜਵਾਨ ਖਿਡਾਰੀ ਆਪਣੇ ਆਪ ਨੂੰ ਖੇਡਾਂ ਨਾਲ ਜੋੜ ਕੇ ਨਸਿ਼ਆਂ ਵਰਗੀਆਂ ਭੈੜੀਆਂ ਆਦਤ ਤੋਂ ਦੂਰ ਰਹਿ ਸਕਣ।
ਸ੍ਰੀ ਮੁਕਤਸਰ ਸਾਹਿਬ ਜ਼ਿਲੇ੍ਹ ਦੀ ਗੱਲ ਕਰੀਏ ਤਾਂ ਸੂਬਾ ਸਰਕਾਰ ਨੇ ਇਸ ਜ਼ਿਲ੍ਹੇ ਵਿੱਚ ਬੁਨਿਆਦੀ ਢਾਂਚੇ ਦੇ ਵਿਕਾਸ ਲਈ ਕਈ ਪ੍ਰਾਜੈਕਟ ਵਿੱਢੇ ਹਨ, ਜਿਨਾਂ ਵਿੱਚ ਰੇਲਵੇ ਪੁਲ ਦਾ ਨਿਰਮਾਣ ਮੁੱਖ ਹੈ। ਇਸ ਤੋਂ ਇਲਾਵਾ ਸੜਕਾਂ ਤੇ ਹੋਰ ਪੁਲਾਂ ਦੇ ਨਿਰਮਾਣ ਵਿੱਚ ਵੀ ਕੋਈ ਕਸਰ ਨਹੀਂ ਛੱਡੀ ਜਾ ਰਹੀ ।ਸ਼ਹਿਰ ਨਿਵਾਸੀਆਂ ਨੂੰ ਸਾਫ ਸੁਥਰਾ ਪਾਣੀ ਮੁਹੱਈਆ ਪ੍ਰਦਾਨ ਕਰਨ ਲਈ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਵਲੋਂ ਅਮਰੁਤ ਪ੍ਰੋਜੈਕਟ ਅਧੀਨ ਪੀਣ ਦੀ ਸਪਲਾਈ ਜਲਦੀ ਸ਼਼ੁਰੂ ਕੀਤਾ ਜਾਵੇਗਾ।
ਸਿਹਤ ਦੇ ਖੇਤਰ ਵਿੱਚ ਸਾਡੀ ਸਰਕਾਰ ਦੀਆਂ ਪ੍ਰਾਪਤੀਆਂ ਸਾਂਝੀਆਂ ਕਰਦਿਆਂ ਸ.ਸੋਢੀ ਨੇ ਕਿਹਾ ਕਿ ਕਰੋਨਾ ਨਾਲ ਨਜਿੱਠਣ ਲਈ ਪੂਰਾ ਅਮਲਾ-ਫੈਲਾ ਲੱਗਿਆ ਹੋਇਆ ਹੈ ਅਤੇ ਮੈਂ ਉਨਾਂ ਸਾਰੇ ਵਾਰੀਅਰਜ਼ ਅਤੇ ਕਰੋਨਾ ਯੋਧਿਆਂ ਨੂੰ ਵਧਾਈ ਦਿੱਤੀ, ਜੋ ਇਸ ਔਖੀ ਘੜੀ ਵਿੱਚ ਡਟ ਕੇ ਸਿਹਤ ਸੇਵਾਵਾਂ ਪ੍ਰਦਾਨ ਕਰ ਰਹੇ ਹਨ।
ਉਹਨਾਂ ਕਿਹਾ ਕਿ ਪੰਜਾਬ ਸਰਕਾਰ ਕੋਲ ਕਰੋਨਾ ਨਾਲ ਨਜਿੱਠਣ ਲਈ ਸਭ ਇੰਤਜ਼ਾਮ ਹਨ ਅਤੇ ਕਿਸੇ ਨੂੰ ਘਬਰਾਉਣ ਦੀ ਲੋੜ ਨਹੀਂ ਹੈ।
। ਉਹਨਾਂ ਆਖਿਆ ਕਿ ਮੁੱਖ ਮੰਤਰੀ ਪੰਜਾਬ ਕਿੰਨੀ ਵਾਰੀ ਕਹਿ ਚੁੱਕੇ ਹਨ ਕਿ ਹਰੇਕ ਪੰਜਾਬ ਵਾਸੀ ਦੀ ਜਾਨ ਬਚਾਉਣਾ ਉਨਾਂ ਦੀ ਸਰਕਾਰ ਦਾ ਪਹਿਲਾ ਫ਼ਰਜ਼ ਹੈ ਅਤੇ ਇਸ ਔਖੀ ਘੜੀ, ਤੁਹਾਡੀ ਸਰਕਾਰ ਤੁਹਾਡੇ ਨਾਲ ਖੜੀ ਹੈ। ਅਸੀਂ ਸਾਰੇ ਮਿਲ ਕੇ ਕਰੋਨਾ ਖ਼ਿਲਾਫ਼ ‘ਮਿਸ਼ਨ ਨੂੰ ਫਤਿਹ ਕਰਾਂਗੇ।’
ਮੈਨੂੰ ਇਹ ਵੀ ਪੂਰਾ ਯਕੀਨ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿੱਚ ਪੰਜਾਬ ਤਰੱਕੀ ਦੀਆਂ ਨਵੀਆਂ ਇਬਾਰਤਾਂ ਲਿਖੇਗਾ, ਕਰੋਨਾ ਖਿਲਾਫ਼ ਅਸੀਂ ਫਤਹਿ ਹਾਸਲ ਕਰਾਂਗੇ ਅਤੇ ਉਹੀ ਬੁਲੰਦੀਆਂ ਜਲਦ ਛੂਹ ਲਵਾਂਗੇ ਜਿਸ ਲਈ ਸਾਡਾ ਪੰਜਾਬ ਕਿਸੇ ਵੇਲੇ ਜਾਣਿਆ ਜਾਂਦਾ ਸੀ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਡਿਪਟੀ ਕਮਿਸ਼ਨਰ ਸ੍ਰੀ ਐਮ.ਕੇ.ਅਰਾਵਿੰਦ ਕੁਮਾਰ ਅਤੇ ਐਸ.ਐਸ.ਪੀ. ਸ੍ਰੀਮਤੀ ਡੀ ਸੁਡਰਵਿਲੀ, ਮੈਡਮ ਕਰਨ ਕੌਰ ਬਰਾੜ ਸਾਬਕਾ ਐਮ.ਐਲ.ਏ,ਸ੍ਰੀ ਨਰਿੰਦਰ ਕਾਉਨੀ ਚੇਅਰਮੈਨ ਜਿ਼ਲ੍ਹਾ ਪ੍ਰੀਸ਼ਦ, ਸ੍ਰੀ ਸੁਭਾਸ ਕੁਮਾਰ ਚੇਅਰਮੈਨ ਜਿ਼ਲ੍ਹਾ ਯੋਜਨਾ ਬੋਰਡ, ਸ: ਹਰਚਰਨ ਸਿੰਘ ਬਰਾੜ ਪ੍ਰਧਾਨ ਜਿ਼ਲ੍ਹਾ ਕਾਂਗਰਸ, ਭਾਈ ਰਾਹੁਲ ਸਿੰਘ ਸੰਧੂ, ਸ੍ਰੀ ਪ੍ਰਭਜੋਤ ਸਿੰਘ ਜਿ਼ਲ੍ਹਾ ਯੂਥ ਪ੍ਰਧਾਨ ਕਾਂਗਰਸ,ਸ: ਜਗਜੀਤ ਸਿੰਘ ਹਨੀ ਫੱਤਣਵਾਲਾ ਮੈਂਬਰ ਪੀ.ਪੀ.ਸੀ,ਸ: ਗੁਰਸੰਤ ਸਿੰਘ ਬਰਾੜ,ਸ: ਸਿਮਰਜੀਤ ਸਿੰਘ ਭੀਨਾ ਬਰਾੜ, ਭਿੰਦਰ ਸ਼ਰਮਾ ਆਦਿ ਵੀ ਹਾਜ਼ਰ ਸਨ।
ਇਸ ਮੌਕੇ ਤੇ ਜਿ਼ਲ੍ਹਾ ਪ੍ਰ਼ਸ਼ਾਸ਼ਨ ਵਲੋਂ ਆਜ਼ਾਦੀ ਘੁਲਾਟੀਆ ਦੇ ਪਰਿਵਾਰਕ ਮੈਂਬਰਾਂ ਨੂੰ ਕੋਰੋਨਾ ਵਾਇਰਸ ਦੇ ਚੱਲਦਿਆਂ ਉਹਨਾਂ ਨੂੰ ਘਰ ਜਾ ਕੇ ਸਨਮਾਨਿਤ ਕੀਤਾ ਗਿਆ।ਇਹ ਸਨਮਾਨ ਸ.ਜਗਮੋਹਣ ਸਿੰਘ ਮਾਨ ਜਿ਼ਲ੍ਹਾ ਸਮਾਜਿਕ ਨਿਆ ਅਤੇ ਅਧਿਕਾਰਤਾ ਅਫਸਰ ਸ੍ਰੀ ਮੁਕਤਸਰ ਸਾਹਿਬ ਵਲੋਂ ਦਿੱਤਾ ਗਿਆ।