ਫਾਜਿਲਕਾ, 25 ਜੁਲਾਈ(ਸੁਰਿੰਦਰਜੀਤ ਸਿੰਘ) – ਕਿਸਾਨਾਂ ਨੂੰ ਰਵਾਇਤੀ ਫਸਲੀ ਚੱਕਰ ‘ਚੋਂ ਕੱਢ ਕੇ ਸਹਾਇਕ ਕਿਤਿਆਂ ਵੱਲ ਉਤਸਾਹਿਤ ਕਰਨ ਲਈ ਪੰਜਾਬ ਸਰਕਾਰ ਢੁਕਵੇਂ ਯਤਨ ਕਰ ਰਹੀ ਹੈ। ਕਿਸਾਨਾਂ ਨੂੰ ਸਹਾਇਕ ਕਿੱਤੇ ਅਪਣਾਉਣ ਲਈ ਵਿਭਾਗਾਂ ਵੱਲੋਂ ਸਕੀਮਾਂ ਤੇ ਯੋਜਨਾਵਾਂ ਚਲਾਈਆਂ ਜਾ ਰਹੀਆਂ ਹਨ, ਇਸ ਤਹਿਤ ਕਿਸਾਨਾਂ ਨੂੰ ਸਿਖਲਾਈ ਅਤੇ ਸਬਸਿਡੀ ਵੀ ਮੁਹੱਈਆ ਕਰਵਾਈ ਜਾਂਦੀ ਹੈ। ਇਨ੍ਹਾਂ ਸਬਦਾਂ ਦਾ ਪ੍ਰਗਟਾਵਾ ਡਿਪਟੀ ਕਮਿਸ਼ਨਰ ਸ. ਅਰਵਿੰਦ ਪਾਲ ਸਿੰਘ ਸੰਧੂ ਨੇ ਬੀ.ਕੀਪਿੰਗ ਤੇ ਬੀ. ਪੋਲਨ ਦਾ ਕਾਰੋਬਾਰ ਕਰ ਰਹੇ ਮਾਲਵਾ ਸੈਲਫ ਗਰੁੱਪ ਨੂੰ ਸਰਟੀਫਿਕੇਟ ਦੇਣ ਮੌਕੇ ਕੀਤਾ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਕਿਸਾਨਾਂ ਦੀ ਭਲਾਈ ਲਈ ਵੱਖ-ਵੱਖ ਵਿਭਾਗਾਂ ਵਿਖੇ ਸਕੀਮਾਂ ਚਲਾਈਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਸਹਾਇਕ ਕਿਤਿਆਂ ਦਾ ਕਾਰੋਬਾਰ ਕਰਨ ਲਈ ਕਿਸਾਨਾਂ ਨੂੰ ਸਿਖਲਾਈ ਵੀ ਦਿੱਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਆਪਣਾ ਰੁਖ ਹੁਣ ਸਹਾਇਕ ਧੰਦਿਆਂ ਵੱਲ ਮੋੜਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਮਾਲਵਾ ਸੈਲਫ ਗਰੁੱਪ ਬੀ. ਕੀਪਿੰਗ ਤੇ ਬੀਂ. ਪੋਲਣ ਦਾ ਕਾਰੋਬਾਰ ਕਰਕੇ ਚੌਖਾ ਮੁਨਾਫਾ ਕਮਾ ਰਹੇ ਹਨ। ਉਨ੍ਹਾਂ ਕਿਹਾ ਕਿ ਹੋਰਨਾਂ ਕਿਸਾਨਾਂ ਨੂੰ ਵੀ ਇਸ ਗਰੁੱਪ ਤੋਂ ਸਿਖਿਆ ਲੈ ਕੇ ਸਹਾਇਕ ਧੰਦਿਆਂ ਨਾਲ ਜੁੜਨਾ ਚਾਹੀਦਾ ਹੈ।
ਇਸ ਮੌਕੇ ਜੰਡਵਾਲਾ ਭੀਮੇਸ਼ਾਹ ਵਿਖੇ ਬਣੇ ਮਾਲਵਾ ਸੈਲਫ ਗਰੁੱਪ ਦੇ ਪ੍ਰਧਾਨ ਗੁਰਲਾਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਇਹ ਗਰੁੱਪ 2012 ਵਿੱਚ ਸ਼ੁਰੂ ਕੀਤਾ ਗਿਆ ਸੀ। ਉਸਨੇ ਦੱਸਿਆ ਕਿ ਗਰੁੱਪ ਵੱਲੋਂ 1000 ਡੱਬੇ ਸ਼ਹਿਦ ਦੀਆਂ ਮੱਖੀਆਂ ਦੇ ਪਾਲੇ ਜਾ ਰਹੇ ਹਨ। ਉਸਨੇ ਦੱਸਿਆ ਕਿ ਗਰੁੱਪ ਵੱਲੋਂ ਸੈਲਫ ਮਾਰਕੀਟਿੰਗ ਵੀ ਕੀਤੀ ਜਾਂਦੀ ਹੈ। ਉਸਨੇ ਦੱਸਿਆ ਕਿ 2 ਏਕੜ ਏਰੀਏ ਵਿੱਚ ਗੰਨੇ ਦੀ ਕਾਸ਼ਤ ਕੀਤੀ ਜਾਂਦੀ ਹੈ। ਉਸਨੇ ਦੱਸਿਆ ਕਿ ਰਸਾਇਣਾਂ ਦੀ ਵਰਤੋਂ ਕੀਤੇ ਬਿਨਾਂ ਭਿੰਡੀ ਰਾਹੀਂ ਕੁਦਰਤੀ ਤਰੀਕੇ ਨਾਲ ਗੁੜ ਤਿਆਰ ਕੀਤਾ ਜਾਂਦਾ ਹੈ।
ਉਸਨੇ ਦੱਸਿਆ ਕਿ ਇਹ ਗੁੜ ਸਿਹਤ ਲਈ ਵੀ ਲਾਭਦਾਇਕ ਹੈ ਅਤੇ ਬੱਚਿਆਂ ਨੂੰ ਸੰਪੂਰਨ ਖੁਰਾਕ ਵੀ ਮਿਲਦੀ ਹੈ ਤੇ ਬਿਮਾਰੀਆਂ ਤੋਂ ਵੀ ਛੁਟਕਾਰਾ ਮਿਲਦਾ ਹੈ। ਉਸਨੇ ਦੱਸਿਆ ਕਿ ਖੇਤੀਬਾੜੀ ਵਿਭਾਗ ਦੀਆਂ ਸਲਾਹਾਂ ਅਨੁਸਾਰ ਉਸਨੇ ਆਪਣਾ ਧਿਆਨ ਸਹਾਇਕ ਧੰਦਿਆਂ ਵੱਲ ਲਗਾਇਆ। ਉਸਨੂੰ ਵਿਭਾਗ ਵੱਲੋ ਸਮੇਂ-ਸਮੇਂ ‘ਤੇ ਮਾਹਰ ਅਧਿਕਾਰੀਆਂ ਨੇ ਸਲਾਹ ਦਿੱਤੀ ਜਿਸ ਨਾਲ ਉਸਦੀ ਆਰਥਿਕ ਸਥਿਤੀ ਵੀ ਮਜ਼ਬੂਤ ਹੋਈ ਹੈ। ਉਸਨੇ ਦੱਸਿਆ ਕਿ ਇਸ ਗਰੁੱਪ ਵਿੱਚ ਗੁਰਜੰਟ ਸਿੰਘ, ਸਤਵਿੰਦਰ ਸਿੰਘ, ਸੁਖਦੇਵ ਕੌਰ, ਗੁਰਭੇਜ ਸਿੰਘ, ਗੁਰਸੇਵਕ ਸਿੰਘ, ਜਗਮੀਤ ਸਿੰਘ, ਰੁਪਿੰਦਰ ਸਿੰਘ, ਰਾਜਵੰਤ ਕੌਰ ਤੇ ਸੀਮਾ ਰਾਣੀ ਮੈਂਬਰ ਹਨ।
ਇਸ ਮੌਕੇ ਮੁੱਖ ਖੇਤੀਬਾੜੀ ਅਫਸਰ ਸ੍ਰੀ ਰਾਮ ਸਰੂਪ ਤੇ ਬੀ.ਟੀ.ਐਮ. ਰਾਜਦਵਿੰਦਰ ਸਿੰਘ ਮੌਜੂਦ ਸਨ।