ਨਵੀਂ ਦਿੱਲੀ, 17 ਜੁਲਾਈ – ਪਿਛਲੇ ਕਈ ਦਿਨਾਂ ਤੋਂ ਜਾਰੀ ਹੁੰਮਸ ਵਾਲਾ ਮੌਸਮ ਵੀਰਵਾਰ ਨੂੰ ਵੀ ਜਾਰੀ ਰਿਹਾ ਜਦਕਿ ਕੁਝ ਇਲਾਕਿਆਂ ‘ਚ ਬਾਰਿਸ਼ ਵੀ ਹੋਈ ਹੈ। ਮੌਸਮ ਵਿਭਾਗ ਦੇ ਮੁਤਾਬਕ ਸ਼ੁੱਕਰਵਾਰ ਤੋਂ ਬਾਰਿਸ਼ ਦੀ ਸੰਭਾਵਨਾ ਹੈ। ਮੌਸਮ ਮਾਹਿਰਾਂ ਦੇ ਮੁਤਾਬਕ ਰਾਜਧਾਨੀ ‘ਚ ਹਾਲੇ ਤਕ ਹਲਕੀ ਬਾਰਿਸ਼ ਹੀ ਹੋਈ ਹੈ। ਮੌਨਸੂਨ ਉੱਤਰ ਵੱਲ ਜਾ ਰਿਹਾ ਹੈ ਜਿਸ ਕਾਰਨ ਪੰਜਾਬ, ਹਰਿਆਣਾ ਤੇ ਦਿੱਲੀ ‘ਚ ਸ਼ੁੱਕਰਵਾਰ ਨੂੰ ਬਾਰਿਸ਼ ਹੋ ਸਕਦੀ ਹੈ। ਭਾਰਤੀ ਮੌਸਮ ਵਿਭਾਗ ਦੇ ਖੇਤਰੀ ਕੇਂਦਰ ਦੇ ਮੁਖੀ ਕੁਲਦੀਪ ਸ਼੍ਰੀਵਾਸਤਵ ਨੇ ਕਿਹਾ ਕਿ 17 ਤੋਂ 20 ਜੁਲਾਈ ਤਕ ਹਲਕੀ ਤੋਂ ਭਾਰੀ ਬਾਰਿਸ਼ ਹੋ ਸਕਦੀ ਹੈ। ਉਨ੍ਹਾਂ ਕਿਹਾ ਕਿ ਦਿੱਲੀ ‘ਚ 20 ਮਿਲੀਮੀਟਰ ਬਾਰਿਸ਼ ਹੋਣ ਦੀ ਸੰਭਾਵਨਾ ਹੈ, ਜਿਸ ਨਾਲ ਤਾਪਮਾਨ 30 ਡਿਗਰੀ ਸੈਲਸੀਅਸ ਤੋਂ ਹੇਠਾਂ ਆ ਜਾਵੇਗਾ। ਵੀਰਵਾਰ ਨੂੰ ਸਫ਼ਦਰਜੰਗ ‘ਚ 37.8 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਗਿਆ, ਜਿਹੜਾ ਸਾਧਾਰਨ ਤੋਂ ਤਿੰਨ ਡਿਗਰੀ ਜ਼ਿਆਦਾ ਹੈ। ਇਸ ਦੇ ਨਾਲ ਹੀ ਨਮੀ 85 ਫ਼ੀਸਦੀ ਰਹੀ।