ਫ਼ਾਜ਼ਿਲਕਾ, 2 ਜੁਲਾਈ (ਸੁਰਿੰਦਰਜੀਤ ਸਿੰਘ) – ਕੋਰੋਨਾ ਵਾਇਰਸ ਦੀ ਮਹਾਂਮਾਰੀ ’ਤੇ ਜਿੱਤ ਪ੍ਰਾਪਤ ਕਰਨ ਲਈ ਸਮੂਹ ਵਿਭਾਗਾਂ ਵੱਲੋਂ ਜੰਗੀ ਪੱਧਰ ’ਤੇ ਗਤੀਵਿਧੀਆਂ ਕੀਤੀਆਂ ਜਾ ਰਹੀਆਂ ਹਨ। ਅਧਿਕਾਰੀਆਂ ਤੇ ਕਰਮਚਾਰੀਆਂ ਵੱਲੋਂ ਤਨਦੇਹੀ ਨਾਲ ਡਿਊਟੀ ਕਰਦਿਆਂ ਜ਼ਿਲੇ ਨੂੰ ਕੋਰੋਨਾ ਮੁਕਤ ਕਰਨ ਲਈ ਜਿਥੇ ਲੋਕਾਂ ਅੰਦਰ ਜਾਗਰੂਕਤਾ ਫੈਲਾਉਣ ’ਚ ਕੋਈ ਕਸਰ ਨਹੀਂ ਛੱਡੀ ਜਾ ਰਹੀ, ਉਥੇ ਸ਼ਹਿਰ ਨੂੰ ਸੈਨੇਟਾਈਜ ਕਰਨ ਅਤੇ ਸਾਫ਼-ਸੁਥਰਾ ਰੱਖਣ ’ਚ ਨਗਰ ਕੌਂਸਲ ਦੇ ਕਰਮਚਾਰੀ ਵੱਧ ਚੜ ਕੇ ਆਪਣਾ ਯੋਗਦਾਨ ਪਾ ਰਹੇ ਹਨ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਸ. ਅਰਵਿੰਦ ਪਾਲ ਸਿੰਘ ਸੰਧੂ ਨੇ ਦਿੱਤੀ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਨਗਰ ਕੌਂਸਲ ਦੇ ਕਰਮਚਾਰੀ ਜ਼ਿਲੇ ਅੰਦਰ ਕਰੋਨਾ ਦੇ ਪ੍ਰਸਾਰ ਨੂੰ ਰੋਕਣ ਲਈ ਲੋਕਾਂ ’ਚ ਜਾਗਰੂਕਤਾ ਲਿਆਉਣ ’ਚ ਜੁੱਟੇ ਹੋਏ ਹਨ। ਉਨਾਂ ਦੱਸਿਆ ਕਿ ਮੁੱਢਲੀ ਕਤਾਰ ’ਚ ਖੜੇ ਹੋ ਕੇ ਕਰਮਚਾਰੀਆਂ ਵੱਲੋਂ ਕੋਵਿਡ ਨੂੰ ਹਰਾਉਣ ਲਈ ਸ਼ਹਿਰ ਦੇ ਸਾਰੇ ਵਾਰਡਾਂ ਨੂੰ ਸੈਨੇਟਾਈਜ਼ ਕਰਨ ਦੇ ਨਾਲ-ਨਾਲ ਪ੍ਰਚਾਰ ਵੈਨਾਂ ਰਾਹੀਂ ਲੋਕਾਂ ਨੂੰ ਲਿਖਤੀ ਸਮੱਗਰੀ ਦੀ ਵੰਡ ਕਰਕੇ ਜਾਗਰੂਕ ਕੀਤਾ ਜਾ ਰਿਹਾ ਹੈ। ਉਨਾਂ ਦੱਸਿਆ ਕਿ ਪ੍ਰਚਾਰ ਵੈਨ ਮੁਹੱਲਿਆਂ ਤੇ ਵਾਰਡਾਂ ’ਚ ਪਹੁੰਚ ਕਰਕੇ ਲੋਕਾਂ ਨੂੰ ਕੋਵਿਡ ਦੀਆਂ ਸਾਵਧਾਨੀਆਂ ਬਾਰੇ ਪ੍ਰੇਰਿਤ ਕਰ ਰਹੀ ਹੈ ਅਤੇ ਲਿਖਤੀ ਸਮੱਗਰੀ ਦੇ ਪੰਫਲੈਂਟ ਵੀ ਵੰਡੇ ਜਾ ਰਹੇ ਹਨ।
ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਕਾਰਜ ਸਾਧਕ ਅਫ਼ਸਰ ਰਜਨੀਸ਼ ਕੁਮਾਰ ਨੇ ਦੱਸਿਆ ਕਿ ਸ਼ਹਿਰ ਦੇ ਸਮੂਹ ਵਾਰਡਾਂ ਨੂੰ ਸੈਨੇਟਾਈਜ਼ ਕਰਨ, ਸਾਫ-ਸਫਾਈ ਅਤੇ ਜਾਗਰੂਕ ਕਰਨ ਲਈ ਸ਼ਡਿਉਲ ਜਾਰੀ ਕੀਤਾ ਗਿਆ ਹੈ। ਉਨਾਂ ਦੱਸਿਆ ਕਿ ਅੱਜ 2 ਜੁਲਾਈ ਨੂੰ ਸਬਜੀ ਮੰਡੀ, ਪੁਰਾਣੀ ਸੇਵਕ ਸਭਾ ਰੋਡ, ਆਰਮੀ ਰੋਡ, ਡੀ.ਏ.ਵੀ. ਸਕੂਲ ਆਦਿ ਹੋਰ ਵਾਰਡਾਂ ਅੰਦਰ ਸਾਫ-ਸਫਾਈ, ਸੈਨੀਟਾਈਜੇਸ਼ਨ ਅਤੇ ਪੰਫਲੇਟ ਵੰਡ ਕੇ ਲੋਕਾਂ ਨੂੰ ਜਾਗਰੂਕ ਕੀਤਾ ਗਿਆ।
ਉਨਾਂ ਦੱਸਿਆ ਕਿ ਕੱਲ 3 ਜੁਲਾਈ ਨੂੰ ਆਰੀਆ ਨਗਰ, ਮਲੋਟ ਰੋਡ, ਬਾਰਡਰ ਰੋਡ, ਗੁਗਾ ਮੋਡੀ ਦੇ ਸਾਹਮਣੇ, ਸੈਕਰਟ ਹਾਰਟ ਸਕੂਲ ਰੋਡ ਦੇ ਨਾਲ-ਨਾਲ ਵਾਰਡ ਨੰ. 3, 5 ਅਤੇ 8 ਵਿਖੇ ਕਾਰਵਾਈਆਂ ਅਮਲ ਵਿਚ ਲਿਆਂਦੀ ਜਾਣਗੀਆਂ। ਉਨਾਂ ਕਿਹਾ ਕਿ ਇਹ ਮੁਹਿੰਮ ਰੋਜਾਨਾ ਦੇ ਆਧਾਰ ’ਤੇ ਚੱਲੇਗੀ। ਉਨਾਂ ਕਿਹਾ ਕਿ ਇਹ ਜਾਗਰੂਕਤਾ ਮੁਹਿੰਮ ਚਲਾਉਣ ਦਾ ਮੰਤਵ ਕਰੋਨਾ ਨੂੰ ਹਰਾਨਾ ਤੇ ਜਿੰਦਗੀ ਨੂੰ ਬਚਾਉਣਾ ਹੈ।