ਗੁਰਦਾਸਪੁਰ, 25 ਨਵੰਬਰ – ਬਟਾਲਾ ਦੇ ਪਿੰਡ ਢਿਲਵਾਂ ਵਿਖੇ ਸਾਬਕਾ ਅਕਾਲੀ ਸਰਪੰਚ ਦਲਬੀਰ ਸਿੰਘ ਦੇ ਕਤਲ ਦਾ ਮਾਮਲਾ ਸ਼ਾਂਤ ਹੋਣ ਦੀ ਬਜਾਏ ਹੋਰ ਤੂਲ ਫੜਦਾ ਜਾ ਰਿਹਾ ਹੈ। ਇਸ ਮਾਮਲੇ ਵਿੱਚ ਜਿੱਥੇ ਸੁਖਬੀਰ ਸਿੰਘ ਬਾਦਲ ਅਤੇ ਬਿਕਰਮਜੀਤ ਸਿੰਘ ਮਜੀਠੀਆ ਵੱਲੋਂ ਲਗਾਤਾਰ ਆਪਣੇ ਤਿੱਖੇ ਬਿਆਨਾਂ ਜ਼ਰੀਏ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੂੰ ਨਿਸ਼ਾਨੇ ਤੇ ਲਿਆ ਜਾ ਰਿਹਾ ਹੈ। ਉੱਥੇ ਹੀ ਦੂਜੇ ਪਾਸੇ ਸੋਮਵਾਰ ਨੂੰ ਸੈਂਕੜਿਆਂ ਦੀ ਤਾਦਾਦ ‘ਚ ਅਕਾਲੀ ਵਰਕਰਾਂ ਅਤੇ ਮਿ੍ਤਕ ਦਲਬੀਰ ਸਿੰਘ ਦੇ ਪਰਿਵਾਰ ਵੱਲੋਂ ਐੱਸ.ਐੱਸ.ਪੀ ਬਟਾਲਾ ਉਪਿੰਦਰਜੀਤ ਸਿੰਘ ਘੁੰਮਣ ਦੇ ਦਫ਼ਤਰ ਦਾ ਘਿਰਾਓ ਕੀਤਾ ਗਿਆ। ਹਾਲਾਂ ਕਿ ਪੁਲਿਸ ਵੱਲੋਂ ਇਸ ਮਾਮਲੇ ਦੀ ਨਿਰਪੱਖ ਜਾਂਚ ਦੀ ਗੱਲ ਕਹਿੰਦਿਆਂ ਵਿਸ਼ੇਸ਼ ਐੱਸ.ਆਈ.ਟੀ ਦਾ ਗਠਨ ਕਰਨ ਦੀ ਗੱਲ ਕਹੀ ਜਾ ਰਹੀ ਸੀ। ਪਰ ਅਕਾਲੀ ਵਰਕਰ ਅਤੇ ਮਿਰਤਕ ਦੇ ਪਰਿਵਾਰਿਕ ਮੈਂਬਰ ਦਾ ਕਹਿਣਾ ਹੈ ਕਿ ਪੁਲਿਸ ਸਿਆਸੀ ਸ਼ਹਿ ਤੇ ਕੰਮ ਕਰਦਿਆਂ ਕਾਤਲਾਂ ਨੂੰ ਗ੍ਰਿਫ਼ਤਾਰ ਕਰਨ ਤੋਂ ਬੱਚ ਰਹੀ ਹੈ। ਇਸ ਪ੍ਰਦਰਸ਼ਨ ਵਿੱਚ ਬਟਾਲਾ, ਗੁਰਦਾਸਪੁਰ, ਡੇਰਾ ਬਾਬਾ ਨਾਨਕ, ਕਾਹਨੂੰਵਾਨ ਅਤੇ ਕਾਦੀਆਂ ਤੋਂ ਇਲਾਵਾ ਹੋਰ ਕਈ ਵੱਖ ਵੱਖ ਇਲਾਕਿਆਂ ਦੇ ਅਕਾਲੀ ਆਗੂ ਅਤੇ ਵਰਕਰ ਸ਼ਾਮਿਲ ਸਨ।
ਆਪਣੇ ਸੈਂਕੜੇ ਸਮਰਥਕਾਂ ਨਾਲ ਐੱਸ.ਐੱਸ.ਪੀ ਬਟਾਲਾ ਦੇ ਦਫ਼ਤਰ ਦਾ ਘਿਰਾਓ ਕਰ ਕੇ ਬੈਠੇ ਬਟਾਲਾ ਤੋਂ ਅਕਾਲੀ ਵਿਧਾਇਕ ਲਖਬੀਰ ਸਿੰਘ ਲੋਧੀ ਨੰਗਲ ਨੇ ਕਿਹਾ ਕਿ ਉਨ੍ਹਾਂ ਨੂੰ ਬਟਾਲਾ ਪੁਲਿਸ ਤੇ ਯਕੀਨ ਨਹੀਂ ਹੈ ਅਤੇ ਇਸ ਮਾਮਲੇ ਨੂੰ ਲੈ ਕੇ ਬਟਾਲਾ ਪੁਲਿਸ ਵੱਲੋਂ ਜਿਨ੍ਹਾਂ ਅਧਿਕਾਰੀਆਂ ਕੋਲੋਂ ਜਾਂਚ ਕਰਵਾਈ ਜਾ ਰਹੀ ਹੈ, ਉਹ ਨਾ ਕਾਫ਼ੀ ਹੈ। ਉਨ੍ਹਾਂ ਕਿਹਾ ਕਿ ਦਲਬੀਰ ਸਿੰਘ ਇੱਕ ਸਰਗਰਮ ਅਕਾਲੀ ਆਗੂ ਸੀ ਅਤੇ ਉਸ ਨੂੰ ਬਹੁਤ ਪਹਿਲਾਂ ਤੋਂ ਹੀ ਸਿਆਸੀ ਸ਼ਹਿ ਤੋਂ ਪ੍ਰੇਰਿਤ ਗੁੰਡਿਆਂ ਵੱਲੋਂ ਜਾਨ ਤੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਸਨ। ਨਾਲ ਹੀ ਉਨ੍ਹਾਂ ਕਿਹਾ ਕਿ ਜੇਕਰ ਪੁਲਿਸ ਅਤੇ ਸਰਕਾਰ ਅਸਲੀਅਤ ਵਿੱਚ ਮਾਮਲੇ ਦੀ ਨਿਰਪੱਖ ਜਾਂਚ ਕਰਵਾਉਣਾ ਚਾਹੁੰਦੀ ਹੈ। ਤਾਂ ਇਸ ਮਾਮਲੇ ਵਿੱਚ ਹਾਈਕੋਰਟ ਦੇ ਸਾਬਕਾ ਜੱਜ ਸਾਹਿਬਾਨ ਜਾਂ ਸੀਬੀਆਈ ਜਾਂਚ ਕਰਵਾਈ ਜਾਵੇ।
ਇਸੇ ਤਰਾਂ ਧਰਨੇ ਵਿਖੇ ਸ਼ਾਮਿਲ ਹੋਣ ਪਹੁੰਚੇ ਅਕਾਲੀ ਆਗੂ ਸੁੱਚਾ ਸਿੰਘ ਲੰਗਾਹ ਦੇ ਬੇਟੇ ਸੋਨੂੰ ਲੰਗਾਹ ਨੇ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੂੰ ਸਿੱਧੇ ਨਿਸ਼ਾਨੇ ਤੇ ਲੈਂਦਿਆਂ ਕਿਹਾ। ਕਿ ਇਹ ਕਤਲ ਮੰਤਰੀ ਰੰਧਾਵਾ ਦੀ ਸ਼ਹਿ ਤੇ ਗੈਂਗਸਟਰ ਜਗੂ ਭਗਵਾਨ ਪੂਰਿਆ ਵੱਲੋਂ ਕਰਵਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਦਲਬੀਰ ਸਿੰਘ ਆਪਣੇ ਇਲਾਕੇ ‘ਚ ਅਕਾਲੀ ਦਲ ਦਾ ਥੰਮ੍ਹ ਸੀ ਪਰ ਪੁਲਿਸ ਦੇ ਸਿਰ ਉੱਤੇ ਜੂੰ ਨਹੀਂ ਸਰਕ ਰਹੀ। ਲੰਗਾਹ ਨੇ ਕਿਹਾ ਕਿ ਇਹ ਇਕੱਲੇ ਇੱਕ ਅਕਾਲੀ ਆਗੂ ਦਾ ਕਤਲ ਨਹੀਂ ਸੀ। ਬਲ ਕਿ ਇਸ ਕਤਲ ਜ਼ਰੀਏ ਇਲਾਕੇ ਅੰਦਰੋਂ ਅਕਾਲੀ ਦਲ ਨੂੰ ਖ਼ਤਮ ਕਰਨ ਦੀ ਸੋਚੀ ਸਮਝੀ ਸਾਜ਼ਿਸ਼ ਸੀ। ਉਨ੍ਹਾਂ ਨੇ ਕਿਹਾ ਕਿ ਬਟਾਲਾ ਪੁਲਿਸ ਵੱਲੋਂ ਅਕਾਲੀ ਦਲ ਅਤੇ ਮਿ੍ਤਕ ਦੇ ਪਰਿਵਾਰਿਕ ਮੈਂਬਰਾਂ ਨੂੰ ਬੇਵਕੂਫ਼ ਬਣਾਉਣ ਲਈ ਐੱਸ.ਆਈ.ਟੀ ਦਾ ਗਠਨ ਕਰ ਕੇ ਉਨ੍ਹਾਂ ਅਫ਼ਸਰਾਂ ਨੂੰ ਹੀ ਜਾਂਚ ਕਰਨ ਲਈ ਕਿਹਾ ਗਿਆ ਹੈ। ਜੋ ਕਿ ਪਹਿਲਾਂ ਹੀ ਇਸ ਮਾਮਲੇ ਦੀ ਜਾਂਚ ਕਰ ਰਹੇ ਹਨ।
ਲੰਗਾਹ ਸਮੇਤ ਸਮੂਹ ਅਕਾਲੀ ਆਗੂਆਂ ਦਾ ਕਹਿਣਾ ਸੀ ਵਿਰੋਧੀਆਂ ਵੱਲੋਂ ਦਲਬੀਰ ਸਿੰਘ ਦਾ ਕਤਲ ਕਰ ਕੇ ਭਾਵੇਂ ਇਲਾਕੇ ਦੇ ਅਕਾਲੀ ਵਰਕਰਾਂ ਨੂੰ ਡਰਾਉਣ ਅਤੇ ਦਬਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਪਰ ਵਿਰੋਧੀਆਂ ਦੇ ਇਸ ਕਾਰੇ ਨਾਲ ਅਕਾਲੀ ਦਲ ਹੋਰ ਇੱਕ ਜੁੱਟ ਹੋ ਚੁੱਕਾ ਹੈ। ਨਾਲ ਹੀ ਉਨ੍ਹਾਂ ਨੇ ਬਟਾਲਾ ਪੁਲਿਸ ਅਤੇ ਸਰਕਾਰ ਨੂੰ ਤਾੜਨਾ ਕਰਦਿਆਂ ਕਿਹਾ ਕਿ ਜੇਕਰ ਹੁਣ ਵੀ ਪੁਲਿਸ ਵੱਲੋਂ ਇਸ ਮਾਮਲੇ ‘ਚ ਨਿਰਪੱਖਤਾ ਵਰਤਦਿਆਂ ਹੋਇਆ ਦਲਬੀਰ ਸਿੰਘ ਕਾਤਲਾਂ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਜਾਂਦਾ ਤਾਂ ਆਉਣ ਵਾਲੇ ਦਿਨਾਂ ‘ਚ ਆਪਣੇ ਸੰਘਰਸ਼ ਨੂੰ ਹੋਰ ਤਿੱਖਾ ਕਰਦਿਆਂ ਸੂਬਾ ਪੱਧਰੀ ਪ੍ਰਦਰਸ਼ਨ ਕੀਤੇ ਜਾਣਗੇ।