ਨਵੀਂ ਦਿੱਲੀ – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਜੀਵਨੀ ‘ਤੇ ਆਧਾਰਿਤ ਫ਼ਿਲਮ ‘ਪੀ. ਐੱਮ. ਨਰਿੰਦਰ ਮੋਦੀ’ ਦੀ ਰਿਲੀਜ਼ ‘ਤੇ ਚੋਣ ਕਮਿਸ਼ਨ ਵਲੋਂ ਰੋਕ ਲਗਾ ਦਿੱਤੀ ਗਈ ਹੈ। ਚੋਣ ਕਮਿਸ਼ਨ ਨੇ ਕਿਹਾ ਹੈ ਕਿ ਜਦੋਂ ਤੱਕ ਲੋਕ ਸਭਾ ਚੋਣਾਂ ਖ਼ਤਮ ਨਹੀਂ ਹੋ ਜਾਂਦੀਆਂ, ਉਦੋਂ ਤੱਕ ਫ਼ਿਲਮ ‘ਤੇ ਰੋਕ ਰਹੇਗੀ। ਇਸ ਮਾਮਲੇ ‘ਚ ਸੈਂਸਰ ਬੋਰਡ ਅਤੇ ਸੂਚਨਾ ਤੇ ਪ੍ਰਸਾਰਨ ਮੰਤਰਾਲੇ ਨੂੰ ਵੀ ਕਮਿਸ਼ਨ ਵਲੋਂ ਨਿਰਦੇਸ਼ ਦਿੱਤੇ ਗਏ ਹਨ। ਫ਼ਿਲਮ ‘ਚ ਅਦਾਕਾਰ ਵਿਵੇਕ ਓਬਰਾਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਭੂਮਿਕਾ ਨਿਭਾਅ ਰਹੇ ਹਨ। ਚੋਣ ਕਮਿਸ਼ਨ ਨੇ ਮੋਦੀ ਦੀ ਜੀਵਨੀ ਸਮੇਤ ਅਜਿਹੀ ਕਿਸੇ ਵੀ ਫ਼ਿਲਮ ਦੀ ਰਿਲੀਜ਼ ‘ਤੇ ਰੋਕ ਲਗਾਈ ਹੈ, ਜਿਸ ਦਾ ਸੰਬੰਧ ਸਿਆਸੀ ਹੈ ਅਤੇ ਉਹ ਚੋਣਾਂ ‘ਤੇ ਅਸਰ ਪਾ ਸਕਦੀ ਹੈ। ਦੱਸ ਦਈਏ ਕਿ ਸੁਪਰੀਮ ਕੋਰਟ ਨੇ ਕੱਲ੍ਹ ਮੋਦੀ ਦੀ ਬਾਇਓਪਿਕ ਦੀ ਰਿਲੀਜ਼ ‘ਤੇ ਰੋਕ ਲਾਉਣ ਤੋਂ ਇਨਕਾਰ ਕਰ ਦਿੱਤਾ ਸੀ। ਉਨ੍ਹਾਂ ਕਿਹਾ ਸੀ ਕਿ ਇਹ ਤੈਅ ਕਰਨਾ ਚੋਣ ਵਿਭਾਗ ਦਾ ਕੰਮ ਹੈ। ਇਸ ਤੋਂ ਬਾਅਦ ਹੁਣ ਚੋਣ ਵਿਭਾਗ ਨੇ ਇਸ ਫ਼ਿਲਮ ‘ਤੇ ਰੋਕ ਲੱਗਾ ਦਿੱਤੀ।