ਲਾਹੌਰ – ਪਾਕਿਸਤਾਨ ਦੇ ਬਲੋਚਿਸਤਾਨ ਸੂਬੇ ਵਿਚ ਸਥਿਤ ਇਕ ਫੌਜੀ ਸਿਖਲਾਈ ਕੇਂਦਰ ਉਤੇ ਮੰਗਲਵਾਰ ਨੂੰ ਅਤੱਵਾਦੀ ਹਮਲੇ ਵਿਚ 4 ਫੌਜੀ ਅਤੇ 4 ਅਤੱਵਾਦੀ ਮਾਰੇ ਗਏ। ਪਾਕਿਸਤਾਨੀ ਫੌਜ ਨੇ ਦੱਸਿਆ ਕਿ ਅਤੱਵਾਦੀਆਂ ਨੇ ਲੋਰਾਲਾਈ ਖੇਤਰ ਸਥਿਤ ਦਿਖਲਾਈ ਖੇਤਰ ‘ਚ ਵੱਡਾ ਧਮਾਕਾ ਕਰਨ ਦੀ ਸਾਜਿਸ਼ ਰਚੀ ਸੀ। ਹਾਲਾਂਕਿ, ਫ਼ੌਜੀਆਂ ਨੇ ਅਤੱਵਾਦੀਆਂ ਨੂੰ ਜਵਾਬ ਦਿਤਾ। ਅਤੱਵਾਦੀ ਜਦੋਂ ਅਪਣੇ ਮਨਸੂਬਿਆਂ ਵਿਚ ਅਸਫ਼ਲ ਹੋਣ ਲੱਗੇ ਤਾਂ ਉਨ੍ਹਾਂ ਨੇ ਚੈਕ ਪੋਸਟ ਉਤੇ ਫਾਇਰਿੰਗ ਕਰਦੇ ਹੋਏ ਅੰਦਰ ਵੜਣ ਦੀ ਕੋਸ਼ਿਸ਼ ਕੀਤੀ। ਉਥੇ ਹੀ ਫ਼ੌਜੀਆਂ ਨੇ ਚਾਰਾਂ ਅਤੱਵਾਦੀਆਂ ਨੂੰ ਮਾਰ ਗਿਰਾਇਆ। ਇਸ ਅਤੱਵਾਦੀ ਹਮਲੇ ਵਿਚ ਚਾਰ ਵਿਚੋਂ ਇਕ ਆਤਮਘਾਤੀ ਹਮਲਾਵਰ ਵੀ ਮਾਰਿਆ ਗਿਆ, ਜਿਸ ਦੇ ਜ਼ਰੀਏ ਅਤੱਵਾਦੀ ਵੱਡੇ ਧਮਾਕੇ ਨੂੰ ਅੰਜਾਮ ਦੇਣਾ ਚਾਹੁੰਦੇ ਸਨ। ਹਾਲਾਂਕਿ, ਉਨ੍ਹਾਂ ਨੂੰ ਮੁਕਾਬਲਾ ਕਰਨ ਦੇ ਦੌਰਾਨ ਚਾਰ ਫੌਜੀ ਵੀ ਮਾਰੇ ਗਏ। ਦੋ ਹੋਰ ਫੌਜੀ ਜ਼ਖ਼ਮੀ ਹੋਏ ਹਨ।ਫ਼ੌਜੀਆਂ ਦੇ ਸੁਚੇਤ ਹੋਣ ਨਾਲ ਅਤੱਵਾਦੀ ਰਿਹਾਇਸ਼ੀ ਖੇਤਰ ਵਿਚ ਨਹੀਂ ਵੜ ਪਾਏ, ਜੇਕਰ ਅਜਿਹਾ ਹੁੰਦਾ ਤਾਂ ਮਰਨ ਵਾਲਿਆਂ ਦੀ ਗਿਣਤੀ ਕਈ ਗੁਣਾ ਜ਼ਿਆਦਾ ਹੁੰਦੀ। ਮੰਗਲਵਾਰ ਸ਼ਾਮ ਤੱਕ ਕਿਸੇ ਅਤੱਵਾਦੀ ਸੰਗਠਨ ਨੇ ਇਸ ਹਮਲੇ ਦੀ ਜ਼ਿੰਮੇਵਾਰੀ ਨਹੀਂ ਲਈ ਸੀ। ਇਸ ਖੇਤਰ ਵਿਚ ਬਲੂਚ ਰਾਸ਼ਟਰਵਾਦੀ ਅਤੇ ਤਾਲਿਬਾਨੀ ਅਤੱਵਾਦੀ ਅਜਿਹੇ ਹਮਲਿਆਂ ਨੂੰ ਪਹਿਲਾਂ ਅੰਜਾਮ ਦਿੰਦੇ ਰਹੇ ਹਨ।