ਚੰਡੀਗੜ੍ਹ – ਸਾਬਕਾ ਪੁਲਿਸ ਮੁਖੀ ਸੁਮੇਧ ਸਿੰਘ ਸੈਣੀ ਨੂੰ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਅੰਤਰਿਮ ਵੱਡੀ ਰਾਹਤ ਦਿੰਦਿਆਂ ਉਨ੍ਹਾਂ ਨੂੰ ਕਿਸੇ ਕੇਸ ‘ਚ ਗ੍ਰਿਫ਼ਤਾਰ ਕਰਨ ਤੋਂ ਪਹਿਲਾਂ ਇੱਕ ਹਫ਼ਤੇ ਦਾ ਨੋਟਿਸ ਦੇਣ ਦੀ ਹਦਾਇਤ ਪੰਜਾਬ ਸਰਕਾਰ ਨੂੰ ਦਿੱਤੀ ਹੈ। ਸੈਣੀ ਨੇ ਹਾਈਕੋਰਟ ਪਹੁੰਚ ਕਰ ਕੇ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਦੇ ਅਧਾਰ ‘ਤੇ ਉਨ੍ਹਾਂ ਵਿਰੁੱਧ ਵਿੱਢੀ ਜਾਣ ਵਾਲੀ ਕਿਸੇ ਸੰਭਾਵੀ ਕਾਰਵਾਈ ਦਾ ਖ਼ਦਸ਼ਾ ਪ੍ਰਗਟਾਇਆ ਸੀ ਤੇ ਮੰਗ ਕੀਤੀ ਗਈ ਸੀ ਕਿ ਰਿਪੋਰਟ ਦੇ ਅਧਾਰ ‘ਤੇ ਜੇਕਰ ਕੋਈ ਕਾਰਵਾਈ ਜਾਂ ਗ੍ਰਿਫ਼ਤਾਰੀ ਕੀਤੀ ਜਾਣੀ ਹੈ ਤਾਂ ਪਹਿਲਾਂ ਨੋਟਿਸ ਦਿੱਤਾ ਜਾਵੇ। ਉਨ੍ਹਾਂ ਇਹ ਮੰਗ ਵੀ ਕੀਤੀ ਸੀ ਕਿ ਜੇਕਰ ਕੋਈ ਕੇਸ ਉਨ੍ਹਾਂ ਵਿਰੁੱਧ ਹੈ ਤਾਂ ਇਹ ਸੀ.ਬੀ.ਆਈ. ਜਾਂ ਅਜਿਹੀ ਕਿਸੇ ਬਾਹਰਲੀ ਏਜੰਸੀ ਨੂੰ ਜਾਂਚ ਹਿਤ ਸੌਂਪਿਆ ਜਾਵੇ , ਜਿਹੜੀ ਕਿ ਸੂਬਾ ਸਰਕਾਰ ਦੇ ਕੰਟਰੋਲ ਹੇਠ ਕੰਮ ਨਾ ਕਰਦੀ ਹੋਵੇ । ਸੈਣੀ ਦੀ ਅਰਜ਼ੀ ‘ਤੇ ਅੱਜ ਸੁਣਵਾਈ ਕਰਦਿਆਂ ਹਾਈਕੋਰਟ ਨੇ ਜਿੱਥੇ ਅੰਤਰਿਮ ਰਾਹਤ ਦਿੱਤੀ ਹੈ, ਉੱਥੇ ਸਰਕਾਰ ਨੂੰ ਨੋਟਿਸ ਕਰ ਕੇ ਜਵਾਬ ਮੰਗ ਲਿਆ ਹੈ।