Menu

ਸਿੱਧੂ ਅਤੇ ਪ੍ਰਿਯੰਕਾ ਦੇ ਆਉਣ ’ਤੇ ਕਾਂਗਰਸੀ ਵਰਕਰਾਂ ਚ ਭਾਰੀ ਉਤਸ਼ਾਹ

ਰਾਜਾ ਵੜਿੰਗ ਦੀ ਚੋਣ ਮੁਹਿੰਮ ਨੂੰ ਮਿਲਿਆ ਵੱਡਾ ਹੁੰਗਾਰਾ
– ਪੰਜਾਬੀ ਕੌਮ ਕਿਸੇ ਅੱਗੇ ਨਾ ਝੁਕਣ ਵਾਲੀ, ਹਰ ਸਮੇਂ ਚੜਦੀਕਲਾ ’ਚ ਰਹਿਣ ਵਾਲੀ ਕੌਮ ਹੈ – ਪ੍ਰਿਯੰਕਾ ਗਾਂਧੀ

ਬਠਿੰਡਾ – ਲੋਕ ਸਭਾ ਹਲਕਾ ਬਠਿੰਡਾ ਦਾ ਚੋਣ ਮੈਦਾਨ ਪੂਰੀ ਤਰਾਂ ਭਖ ਗਿਆ ਹੈ,ਬੀਤੇ ਕੱਲ ਜਿੱਥੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸ਼ੋਮਣੀ ਅਕਾਲੀ ਦਲ ਬਾਦਲ ਅਤੇ ਭਾਜਪਾ ਦੀ ਸਾਂਝੀ ਉਮੀਦਵਾਰ ਬੀਬਾ ਹਰਸਿਮਰਤ ਕੌਰ ਬਾਦਲ ਦੇ ਹੱਕ ’ਚ ਚੋਣ ਰੈਲੀ ਕਰਨ ਲਈ ਪਹੁੰਚੇ ਅਤੇ ਇਸ ਮੌਕੇ ਉਨਾਂ ਆਪਣੇ ਭਾਸ਼ਣ ਦੌਰਾਨ ਕਾਂਗਰਸ ਪਾਰਟੀ ਨੂੰ ਸਿੱਖ ਵਿਰੋਧੀ ਦੰਗਿਆਂ ’ਤੇ ਘੇਰਨ ਦੀ ਕੋਸ਼ਿਸ ਕੀਤੀ, ਉੱਥੇ ਹੀ ਅੱਜ ਬਠਿੰਡਾ ਲੋਕ ਸਭਾ ਤੋਂ ਕਾਂਗਰਸ ਦੇ ਉਮੀਦਵਾਰ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਹੱਕ ’ਚ ਰੈਲੀ ਲਈ ਪਹੁੰਚੇ ਕਾਂਗਰਸ ਦੀ ਫਾਇਰ ਬਰੈਂਡ ਪ੍ਰਿਯੰਕਾ ਗਾਂਧੀ ਨੇ ਆਪਣੇ ਸ਼ੁਰੂਆਤੀ ਭਾਸ਼ਣ ਦੌਰਾਨ ਪੰਜਾਬ ਅਤੇ ਪੰਜਾਬੀਅਤ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਹ ਪੰਜਾਬੀਆਂ ਨੂੰ ਸਲਾਮ ਕਰਦੇ ਹਨ ਅਤੇ ਇਹ ਕੌਮ ਇੱਕ ਅਜਿਹੀ ਕੌਮ ਹੈ ਜੋ ਹਰ ਮੁਸੀਬਤ ਦਾ ਮੁਕਾਬਲਾ ਡਟ ਕੇ ਕਰਦੇ ਹਨ ਅਤੇ ਹਰ ਸਮੇਂ ਚੜਦੀਕਲਾ ’ਚ ਰਹਿੰਦੇ ਹਨ ਉਨਾਂ ਕਿਹਾ ਕਿ ਉਨਾਂ ਨੂੰ ਮਾਣ ਹੈ ਕਿ ਉਨਾਂ ਦੇ ਪਤੀ ਵੀ ਇੱਕ ਪੰਜਾਬੀ ਹੈ। ਇਸ ਉਪਰੰਤ ਉਨਾਂ ਸਾਲ 2014 ’ਚ ਨਰਿੰਦਰ ਮੋਦੀ ਵੱਲੋਂ ਦੇਸ਼ ਦੀ ਜਨਤਾ ਨਾਲ ਕੀਤੇ ਵਾਅਦੇ ਯਾਦ ਕਰਵਾਏ ਅਤੇ ਕਿਹਾ ਕਿ ਨਰਿੰਦਰ ਮੋਦੀ ਇੱਕ ਵਾਰ ਫਿਰ ਮੁੜ ਕਿਸਾਨਾਂ ਨਾਲ ਕਾਰਡ ਖੇਡਣ ਦੀ ਕੋਸ਼ਿਸ ਕਰ ਰਹੇ ਹਨ, ਉਨਾਂ ਵਾਅਦਾ ਕੀਤਾ ਸੀ ਕਿ ਇੱਕ ਹਫਤੇ ’ਚ ਕਿਸਾਨਾਂ ਦਾ ਕਰਜ਼ਾ ਮੁਆਫ ਕਰਨਗੇ, ਪਰ ਅੱਜ ਫਿਰ ਉਸੇ ਵਾਅਦੇ ਨੂੰ ਦੁਹਰਾ ਰਹੇ ਹਨ।ਪ੍ਰਿਯੰਕਾ ਗਾਂਧੀ ਨੇ ਕਿਹਾ ਕਿ 2014 ’ਚ ਨਰਿੰਦਰ ਮੋਦੀ ਨੇ ਵੋਟਾਂ ਹਥਿਆਉਣ ਲਈ ਲੋਕਾਂ ਨਾਲ ਝੂਠੇ ਵਾਅਦੇ ਕੀਤੇ ਕਿ 15 ਲੱਖ ਹਰ ਇੱਕ ਦੇ ਖਾਤੇ ’ਚ ਪਾਉਣਗੇ, ਮਹਿੰਗਾਈ ਘਟੇਗੀ, 2 ਕਰੋੜ ਨੌਜਵਾਨਾਂ ਨੂੰ ਰੁਜ਼ਗਾਰ ਦੇਣਗੇ ਕੀ ਇਹ ਸਭ ਵਾਅਦੇ ਪੂਰੇ ਕੀਤੇ? ਸਗੋਂ 50 ਲੱਖ ਰੁਜਗਾਰ ਘਟੇ, ਜਿੰਨਾਂ ’ਚ 24 ਲੱਖ ਅਸਾਮੀਆਂ ਖਾਲੀ ਪਈਆਂ ਹਨ। ਦੇਸ਼ ਦਾ ਹਰ ਵਰਗ ਦੁਖੀ ਹੈ ਚਾਹੇ ਉਹ ਕਿਸਾਨ ਹੈ, ਮਜ਼ਦੂਰ ਹੈ ਜਾਂ ਕੋਈ ਵੀ ਮੁਲਾਜ਼ਮ ਹੈ। ਉਨਾਂ ਨੇ ਕਿਸਾਨਾਂ ਨਾਲ ਕੀਤੀ ਵਾਅਦਾ ਖਿਲਾਫੀ ਯਾਦ ਕਰਵਾਉਂਦਿਆਂ ਕਿਹਾ ਕਿ ਕਿਸਾਨ ਆਪਣੀਆਂ ਮੰਗਾਂ ਨੂੰ ਲੈ ਕੇ ਧਰਨੇ ਦਿੰਦੇ ਰਹੇ, ਪਰ ਮੋਦੀ ਜੀ ਕੋਲ ਉਨਾਂ ਦੀ ਗੱਲ ਸੁਨਣ ਲਈ ਪੰਜ ਮਿੰਟ ਦਾ ਸਮਾਂ ਨਹੀਂ ਜਦਕਿ ਵਿਦੇਸ਼ਾਂ ਦੀ ਯਾਤਰਾ ਲਈ ਖੁਲਾ ਸਮਾਂ ਅਤੇ ਕਰੋੜਾਂ ਰੁਪਏ ਵਿਦੇਸ਼ ਯਾਤਰਾ ਦੇ ਨਾਮ ’ਤੇ ਬਰਬਾਦ ਕੀਤਾ ਗਿਆ, ਪਰ ਕਿਸਾਨਾਂ ਅਤੇ ਗਰੀਬਾਂ ਦੀ ਕਰਜਾ ਮੁਆਫੀ ਲਈ ਪੈਸਾ ਨਹੀਂ ਸੀ। ਉਨਾਂ ਪੰਜਾਬ ਅੰਦਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹੋਈ ਬੇਅਦਬੀ ਘਟਨਾਵਾਂ ਸਬੰਧੀ ਬੋਲਦਿਆਂ ਕਿਹਾ ਕਿ ਭਾਜਪਾ ਅਤੇ ਸ਼ੋ੍ਰਮਣੀ ਅਕਾਲੀ ਦਲ ਦੀ ਮਿਲੀਭੁਗਤ ਨਾਲ ਗੁਰੂਆਂ ਦੀ ਧਰਤੀ ’ਤੇ ਗੁਰੂ ਗ੍ਰੰਥ ਸਾਹਿਬ ਜੀ ਦਾ ਨਿਰਾਦਰ ਹੋਇਆ। ਉਨਾਂ ਕਿਹਾ ਕਿ ਪੰਜਾਬ ਅੰਦਰ ਵਧ ਰਹੇ ਚਿੱਟੇ ਦੇ ਪ੍ਰਕੋਪ ਲਈ ਵੀ ਅਕਾਲੀ ਭਾਜਪਾ ਸਰਕਾਰ ਜਿੰਮੇਵਾਰ ਹੈ, ਜਿੰਨਾਂ ਨੇ ਵੋਟਾਂ ਵਟੋਰਣ ਅਤੇ ਸੱਤਾ ਹਾਸਲ ਕਰਨ ਲਈ ਪੰਜ ਦਰਿਆਵਾਂ ਦੀ ਧਰਤੀ ਪੰਜਾਬ ਅੰਦਰ ਛੇਵਾਂ ਦਰਿਆ ਨਸ਼ਿਆਂ ਦਾ ਵਗਾਇਆ ਅਤੇ ਪੰਜਾਬ ਦੀ ਜਵਾਨੀ ਨੂੰ ਨਸ਼ਿਆਂ ’ਚ ਰੋੜ ਦਿੱਤਾ, ਪਰ ਇਹ ਸਭ ਦੇਖਦੇ ਹੋਏ ਕਾਂਗਰਸ ਦੇ ਪ੍ਰਧਾਨ ਰਾਹੁਲ ਗਾਂਧੀ ਨੇ ਅਵਾਜ਼ ਉਠਾਈ ਤਾਂ ਇਸ ਰਲੀ ਮਿਲੀ ਸਰਕਾਰ ਨੇ ਉਨਾਂ ਦਾ ਮਜਾਕ ਬਣਾਇਆ। ਉਨਾਂ ਕਾਂਗਰਸ ਵੱਲੋਂ ਜਾਰੀ ਮੈਨੀਫੈਸਟੋ ਬਾਰੇ ਕਿਹਾ ਕਿ ਕਾਂਗਰਸ ਪਾਰਟੀ ਹਰ ਵਰਗ ਦੇ ਲੋਕਾਂ ਦੀ ਹਮਦਰਦ ਪਾਰਟੀ ਅਤੇ ਹਰ ਵਰਗ ਨੂੰ ਧਿਆਨ ’ਚ ਰਖਦਿਆਂ ਉਨਾਂ ਚੋਣ ਮੈਨੀਫੈਸਟੋ ਤਿਆਰ ਕੀਤਾ ਹੈ, ਜਿਸ ਰਾਹੀਂ ਉਨਾਂ ਹਰ ਗਰੀਬ ਪਰਿਵਾਰ ਦੇ ਖਾਤੇ ’ਚ ਸਾਲਾਨਾ 72,000 ਰੁਪਏ ਪਾਏ ਜਾਣਗੇ, ਸਰਕਾਰ ਸਕੂਲਾਂ ’ਚ 12 ਵੀਂ ਤੱਕ ਦੀ ਪੜਾਈ ਮੁਫਤ ਦਿੱਤੀ ਜਾਵੇਗੀ, ਨੌਜਵਾਨਾਂ ਦੇ ਰੁਜ਼ਗਾਰ ਲਈ  ਖਾਲੀ ਪਈਆਂ 24 ਲੱਖ ਅਸਾਮੀਆਂ ਭਰੀਆਂ ਜਾਣਗੀਆਂ,  ਸਰਕਾਰੀ ਹਸਪਤਾਲਾਂ ’ਚ ਇਲਾਜ਼ ਮੁਫਤ ਕੀਤਾ ਜਾਵੇਗਾ ਅਤੇ ਔਰਤਾਂ ਲਈ ਅਲੱਗ ਬਜਟ ਦੌਰਾਨ ਰੁਜਗਾਰ ਦੇ ਨਵੇਂ ਮੌਕੇ ਪ੍ਰਦਾਨ ਕੀਤੇ ਜਾਣਦਾ ਵਿਸ਼ਵਾਸ ਦੁਆਇਆ। ਉਨਾਂ ਕਿਹਾ ਕਿ ਕਾਂਗਰਸ ਪਾਰਟੀ ਉਨਾਂ ਨਾਲ ਕੋਈ ਖੋਖਲਾ ਵਾਅਦਾ ਨਹੀਂ ਕਰੇਗੀ ਅਤੇ ਜੋ ਵਾਅਦਾ ਕਰੇਗੀ ਉਸਨੂੰ ਹਰ ਹਾਲ ’ਚ ਪੂਰਾ ਕਰੇਗੀ। ਉਨਾਂ ਇੱਕ ਵਾਰ ਫੇਰ ਮੋਦੀ ਸਰਕਾਰ ਨੂੰ ਆੜੇ ਹੱਥੀਂ ਲੈਂਦਿਆਂ ਕਿਹਾ ਕਿ ਭਾਜਪਾ ਸਰਕਾਰ ਨੇ 550 ਕਰੋੜ ਦਾ ਕਰਜ਼ਾ ਮੁਆਫ ਕੀਤਾ, ਪਰ ਉਹ ਕਿਸਾਨਾਂ ਜਾਂ ਗਰੀਬ ਲੋਕਾਂ ਦਾ ਨਹੀਂ ਬਲਕਿ ਆਪਣੇ ਉਦਯੋਗਪਤੀਆਂ ਦਾ ਸੀ। ਉਨਾਂ ਕਿਹਾ ਕਿ ਭਾਜਪਾ ਸਰਕਾਰ ਵੱਲੋਂ ਕਿਸਾਨ ਬੀਮਾ ਸਕੀਮ ਨਾਲ 10 ਹਜਾਰ ਕਰੋੜ ਦਾ ਲਾਭ ਆਪਣੇ ਸ਼ਰਮਾਏਦਾਰਾਂ ਨੂੰ ਦੁਆਇਆ, ਪਰ ਜਦੋਂ ਕਿਸਾਨਾਂ ’ਤੇ ਮੁਸੀਬਤ ਪਈ ਤਾਂ ਉਨਾਂ ਨੂੰ ਕੋਈ ਸਹੂਲਤ ਨਹੀਂ ਦਿੱਤੀ ਗਈ।

ਉਨਾਂ ਕਿਹਾ ਕਿ ਪੰਜਾਬੀ ਕੌਮ ਕਦੇ ਝੁਕੀ ਨਹੀਂ ਅਤੇ ਅੱਜ ਵੀ ਉਨਾਂ ਨੂੰ ਲੋੜ ਨਹੀਂ ਕਿ ਨਜ਼ਰਾਂ ਨੀਵੀਆਂ ਕਰਨ , ਕੋਈ ਸਰਕਾਰ ਉਨਾਂ ਨੂੰ ਦਬਾਅ ਨਹੀਂ ਸਕਦੀ , ਕਿਉਂ ਕਿ ਲੋਕਤੰਤਰ ਕਿਸੇ ਮੰਤਰੀ , ਵਿਧਾਇਕ ਜਾਂ ਕਿਸੇ ਲੀਡਰ ਤੋਂ ਉੱਚਾ ਨਹੀਂ, ਉਨਾਂ ਲੀਡਰਾਂ ਨੂੰ ਲੋਕ ਹੀ ਜਿਤਾ ਕੇ ਭੇਜਦੇ ਹਨ ਇਸ ਲਈ ਜਨਤਾ ਦਾ ਨੂੰ ਹੱਕ ਹੈ ਹਰ ਲੀਡਰ ਜਾਂ ਮੰਤਰੀ ਨੂੰ ਸਵਾਲ ਕਰਨ ਦਾ ਉਹ ਆਪਣਾ ਹੱਕ ਮੰਗ ਸਕਦੇ ਹਨ। ਇਸ ਮੌਕੇ ਉਨਾਂ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਅਮਰਿੰਦਰ ਸਿੰਘ ਰਾਜਾ ਵੜਿੰਗ ਜੋ ਨਿਧੜਕ ਆਗੂ ਹਨ ਅਤੇ ਹਰ ਵਰਗ ਲਈ ਹਮਦਰਦੀ ਰਖਦੇ ਹਨ ਨੂੰ ਆਪਣਾ ਇੱਕ ਇੱਕ ਕੀਮਤੀ ਵੋਟ ਪਾ ਕੇ ਪਾਰਲੀਮੈਂਟ ’ਚ ਭੇਜਣ ਤਾਂ ਜੋ ਕੇਂਦਰ ’ਚ ਰਹੁਲ ਗਾਂਧੀ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਬਣਾ ਕੇ ਦੇਸ਼ ਦਾ ਵਿਕਾਸ਼ ਕੀਤਾ ਜਾ ਸਕੇ। ਇਸ ਮੌਕੇ ਕੈਬਨਿਟ ਮੰਤਰੀ ਨਵਜੋਤ ਸਿੱਧੂ ਨੇ ਜਿਆਦਾ ਕੁੱਝ ਨਾ ਬੋਲਦੇ ਹੋਏ ਆਪਣੇ ਸ਼ੇਅਰੋ ਸ਼ੇਅਰੀ ਅੰਦਾਜ ’ਚ ਲੋਕਾਂ ਦੇ ਹੌਂਸਲੇ ਬੁਲੰਦ ਕਰਦਿਆਂ ਡਟ ਕੇ ਰਾਜਾ ਵੜਿੰਗ ਦੇ ਹੱਕ ’ਚ ਖੜਨ ਦਾ ਹੋਕਾ ਦਿੱਤਾ ਅਤੇ ਕਿਹਾ ਕਿ 17 ਮਈ ਨੂੰ ਉਹ ਵੜਿੰਗ ਦੇ ਹੱਕ ’ਚ ਚੋਣ ਪ੍ਰਚਾਰ ਕਰਨ ਲਈ ਪਹੁੰਚਣਗੇ, ਜਿਸ ਰਾਹੀਂ ਸ਼ੋ੍ਰਮਣੀ ਅਕਾਲੀ ਦਲ ਤਖਤਾ ਪਲਟ ਕੇ ਰੱਖ ਦੇਣਗੇ। ਇਸ ਮੌਕੇ ਹਰੀਸ਼ ਚੌਧਰੀ, ਲਾਲ ਸਿੰਘ, ਆਸ਼ਾ ਕੁਮਾਰੀ, ਵਿਜੇਇੰਦਰ ਸਿੰਗਲਾ, ਰਾਣਾ ਸੋਢੀ, ਖੁਸ਼ਬਾਜ ਜਟਾਣਾ ਤੋਂ ਇਲਾਵਾ ਕਾਂਗਰਸੀ ਭਾਰੀ ਗਿਣਤੀ ’ਚ ਵਰਕਰ ਹਾਜ਼ਰ ਸਨ।

Listen Live

Subscription Radio Punjab Today

Our Facebook

Social Counter

  • 11456 posts
  • 0 comments
  • 0 fans

Log In