Menu

ਸਥਾਨਕ ਆਗੂਆਂ ਦੀਆਂ ਅੱਖਾਂ ਚ ਰੜਕਨ ਲੱਗੇ ਕਾਂਗਰਸ ਤੇ ਅਕਾਲੀ ਦਲ ਦੇ ਬਾਹਰੀ ਉਮੀਦਵਾਰ

ਬਾਘਾਪੁਰਾਣਾ – ਫਰੀਦਕੋਟ ਲੋਕ ਸਭਾ ਹਲਕੇ ਚ ਕਾਂਗਰਸ ਅਤੇ ਅਕਾਲੀ ਦਲ ਵੱਲੋਂ ਪਿੜ ਚ ਉਤਾਰੇ ਗਏ ਉਮੀਦਵਾਰਾਂ ਦਾ ਇਸ ਹਲਕੇ ਨਾਲ ਸਬੰਧਤ ਚਿਰਾਂ ਤੇ ਪਾਰਟੀਆਂ ਦੀ ਸੇਵਾ ਕਰਦੇ ਆ ਰਹੇ ਟਕਸਾਲੀ ਆਗੂਆਂ ਨੇ ਡਟਵਾਂ ਵਿਰੋਧ ਕੀਤਾ ਹੈ। ਜਦਕਿ ਆਪ ਅਤੇ ਪੰਜਾਬ ਡੈਮੋਕ੍ਰੇਟਿਕ ਅਲਾਇੰਸ ਦੇ ਉਮੀਦਵਾਰਾਂ ਨੂੰ ਘੱਟੋਂ-ਘੱਟ ਅਜਿਹੇ ਦੋਸ਼ਾਂ ਦਾ ਸਾਹਮਣਾ ਕਰਨ ਤੋਂ ਪੂਰੀ ਤਰਾਂ ਨਿਜਾਤ ਮਿਲੀ ਹੈ। ਕਾਂਗਰਸ ਅਤੇ ਅਕਾਲੀ-ਭਾਜਪਾ ਗਠਜੋੜ ਦੇ ਉਮੀਦਵਾਰਾਂ ਨੇ ਭਾਵੇਂ ਆਪਣੇ ਇਸ ਵਿਰੋਧ ਨੂੰ ਮੱਠਾ ਕਰਨ ਲਈ ਹਲਕਾ ਇੰਚਾਰਜ ਰਾਹੀ ਸਰਗਰਮ ਆਗੂਆਂ ਨੂੰ ਪਲੋਸਣ ਦੀ ਮੁਹਿੰਮ ਤਾਂ ਵਿੱਢੀ ਹੋਈ ਹੈ, ਪਰ ਸੀਨੀਅਰ ਨੇਤਾ ਜੋ ਆਪਣੇ ਆਪ ਨੂੰ ਟਿਕਟ ਦੇ ਮਾਮਲੇ ਵਿੱਚ ਠੱਗਿਆ ਗਿਆ ਮਹਿਸੂਸ ਕਰ ਰਹੇ ਹਨ, ਅਜੇ ਉਨਾਂ ਦਾ ਗੁੱਸਾ ਉਬਾਲੇ ਮਾਰ ਰਿਹਾ ਹੈ। ਮਜ਼ਬੀ ਸਿੱਖ ਜਾਤੀ ਨਾਲ ਸਬੰਧਤ ਕਾਂਗਰਸੀ ਨੇਤਾਵਾਂ ਦਾ ਕਹਿਣਾ ਹੈ ਕਿ ਇਸ ਹਲਕੇ ਅੰਦਰ ਮਜ਼ਬੀ ਸਿੱਖਾਂ ਦੀ ਵੋਟ ਦੀ ਵੱਡੀ ਗਿਣਤੀ ਦੇ ਬਾਵਜੂਦ ਉਨਾਂ ਦੇ ਭਾਈਚਾਰਾਂ ਨੂੰ ਨੁਮਾਇੰਦਗੀ ਨਾਂ ਦੇ ਕੇ ਪਾਰਟੀ ਨੇ ਵੱਡਾ ਧ੍ਰੋਹ ਕਮਾਇਆ ਹੈ। ਵਿਧਾਨ ਸਭਾ ਹਲਕਾ ਬਾਘਾਪੁਰਾਣਾ ਅੰਦਰਲੇ ਮਜ਼ਬੀ ਸਿੱਖ ਆਗੂਆਂ ਵਿਚੋਂ ਤਿੰਨ ਸਰਗਰਮ ਦਾਅਵੇਦਾਰਾਂ ਨੇ ਆਪਣਾ ਨਾਮ ਨਾਂ ਛਾਪੇ ਜਾਣ ਦੀ ਸ਼ਰਤ ਤੇ ਕਿਹਾ ਕਿ ਜਦ ਮੁਹੰਮਦ ਸਦੀਕ ਨੂੰ ਜੈਤੋ ਹਲਕੇ ਤੋਂ ਵਿਧਾਨਸਭਾ ਦੀ ਚੋਣ ਲੜਾ ਕੇ ਉਨਾਂ ਦੀ ਲੋਕਪਿ੍ਰਅਤਾ ਨੂੰ ਪਾਰਟੀ ਪਹਿਲਾ ਪਰਖ ਵੀ ਚੁੱਕੀ ਹੈ ਤਾਂ ਹੁਣ ਫਿਰ ਉਨਾਂ ਉਪਰ ਦਾਅ ਖੇਡਣ ਦੀ ਕਿਹੜੀ ਮਜਬੂਰੀ ਰਹੀ। ਪਾਰਟੀ ਦੇ ਟਿਕਟਾਂ ਦੇਣ ਵਾਲੇ ਫਾਰਮੂਲੇ ਨੂੰ ਇਨਾਂ ਨੇਤਾਵਾਂ ਨੇ ਅਸਲੋਂ ਤਰਕਹੀਣ ਕਰਾਰ ਦਿੱਤਾ। ਉਧਰ ਅਕਾਲੀ-ਭਾਜਪਾ ਗਠਜੋੜ ਦੇ ਵੀ ਇਸ ਹਲਕੇ ਦੇ ਆਗੂ ਰਣੀਕੇ ਪ੍ਰਤੀ ਨੱਕ-ਬੁੱਲ ਵੱਟ ਰਹੇ ਹਨ। ਭਾਵੇਂ ਜਨਤਕ ਤੌਰ ਤੇ ਰਣੀਕੇ ਦੇ ਵਿਰੋਧ ਚ ਅਕਾਲੀ ਆਗੂ ਖੁੱਲ ਕੇ ਸਾਹਮਣੇ ਨਹੀਂ ਆਏ, ਪਰ ਉਨਾਂ ਦਾ ਕਹਿਣਾ ਹੈ ਕਿ ਕਦੇ ਬਠਿੰਡਾ ਅਤੇ ਅੰਮਿ੍ਰਤਸਰ ਚੋਂ ਉਮੀਦਵਾਰ ਲਿਆ ਕੇ ਇਥੇ ਥੋਪ ਦਿੱਤੇ ਜਾਂਦੇ ਹਨ, ਜੋ ਇਸ ਹਲਕੇ ਅੰਦਰਲੇ ਪਾਰਟੀ ਦੇ ਨਿਸ਼ਕਾਮ ਸੇਵਕਾਂ ਦੀ ਵੱਡੀ ਤੌਹੀਨ ਹੈ। ਕੁੱਝ ਵੀ ਹੋਵੇ ਇਸ ਵਾਰ ਇਸ ਹਲਕੇ ਅੰਦਰ ਕਾਂਗਰਸ ਅਤੇ ਅਕਾਲੀ ਦਲ ਦੇ ਉਮੀਦਵਾਰਾਂ ਲਈ ਅਜਿਹੇ ਰੁੱਸੇ ਆਗੂ ਚੁਣੌਤੀ ਦੇ ਰੂਪ ਵਿੱਚ ਕੁੱਝ ਖੁੱਲ ਕੇ ਅਤੇ ਕੁੱਝ ਕੁ ਲੁਕਵੇਂ ਰੂਪ ਵਿੱਚ ਡਟੇ ਰਹਿਣ ਦੀ ਸੰਭਾਵਨਾ ਹੈ। ਜਦਕਿ ਦੋਹਾਂ ਪਾਰਟੀਆਂ ਦੇ ਮੋਹਰੀ ਆਗੂ ਸਭ ਕੁੱਝ ਠੀਕ ਹੋਣ ਦੀ ਗਲ ਆਖ ਰਹੇ ਹਨ ਅਤੇ ਦਾਅਵਾ ਕਰ ਰਹੇ ਹਨ ਕਿ ਪਾਰਟੀ ਦਾ ਇਕ-ਇਕ ਵਰਕਰ ਚੋਣ ਮੁਹਿੰਮ ਚ ਜੁਟਿਆ ਰਹੇਗਾ।

Listen Live

Subscription Radio Punjab Today

Our Facebook

Social Counter

  • 10893 posts
  • 0 comments
  • 0 fans

Log In