Menu

ਪੇਂਡੂ ਨੌਜਵਾਨਾਂ ਨੂੰ ਖੇਡਾਂ ਵੱਲ ਪ੍ਰੇਰਿਤ ਕਰਨ ਵਿੱਚ ਸਹਾਈ ਹੋਵੇਗਾ ਕਬੱਡੀ ਕਾਰਨੀਵਲ,ਗ੍ਰੇਟ ਖਲੀ ਹੋਣਗੇ ਖੇਡਾਂ ਦੇ ਬ੍ਰੈਂਡ ਅੰਬੈਸਡਰ

ਬਠਿੰਡਾ  – ਲੋਕਾਂ ਨੂੰ ਖੇਡਾਂ ਪ੍ਰਤੀ ਉਤਸ਼ਾਹਤ ਕਰਨ ਦੇ ਮਕਸਦ ਨਾਲ ਜ਼ਿਲਾ ਬਠਿੰਡਾ ਪ੍ਰਸ਼ਾਸਨ ਵੱਲੋਂ 26 ਫ਼ਰਵਰੀ ਤੋਂ ਕਰਵਾਏ ਜਾ ਰਹੇ ਕਬੱਡੀ ਦੇ ਮਹਾਂਕੁੰਭ ”ਕਬੱਡੀ ਕਾਰਨੀਵਲ” ਦੌਰਾਨ ਬਲਾਕ ਤੇ ਜ਼ਿਲਾ ਪੱਧਰ ‘ਤੇ ਕਬੱਡੀ ਸਣੇ ਵੱਖ-ਵੱਖ ਖੇਡ ਮੁਕਾਬਲਿਆਂ ਵਿੱਚ ਨੌਜਵਾਨਾਂ ਦੇ ਨਾਲ-ਨਾਲ ਵੱਡੀ ਉਮਰ ਦੇ ਲੋਕਾਂ ਅਤੇ ਬਜ਼ੁਰਗਾਂ ਦੇ ਵੀ ਸਿੰਗ ਫਸਣਗੇ।
ਡਿਪਟੀ ਕਮਿਸ਼ਨਰ ਸ਼੍ਰੀ ਪ੍ਰਨੀਤ ਨੇ ਇਸ ਬਾਰੇ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਆਪਣੇ-ਆਪ ਵਿੱਚ ਵਿਲੱਖਣ ਖੇਡਾਂ ਹੋਣਗੀਆਂ, ਜਿਨਾਂ ਵਿੱਚ 26 ਤੇ 27 ਫ਼ਰਵਰੀ ਨੂੰ ਬਲਾਕ ਪੱਧਰ ‘ਤੇ ਪਿੰਡਾਂ ਦੇ ਨੌਜਵਾਨ ਮੁੰਡੇ-ਕੁੜੀਆਂ ਅਤੇ ਨਵੇਂ ਚੁਣੇ ਪੰਚ-ਸਰਪੰਚ ਵਧ-ਚੜ ਕੇ ਹਿੱਸਾ ਲੈਣਗੇ। ਉਨਾਂ ਦੱਸਿਆ ਕਿ ਹਰ ਬਲਾਕ ਵਿੱਚੋਂ ਪਹਿਲੇ ਸਥਾਨ ਦੇ ਜੇਤੂਆਂ ਦੀ ਚੋਣ ਕੀਤੀ ਜਾਵੇਗੀ, ਜੋ 1 ਅਤੇ 2 ਮਾਰਚ ਨੂੰ ਬਠਿੰਡਾ ਦੇ ਬਹੁਮੰਤਵੀ ਖੇਡ ਸਟੇਡੀਅਮ ਵਿਖੇ ਫ਼ਾਈਨਲ ਮੁਕਾਬਲਿਆਂ ਵਿੱਚ ਭਾਗ ਲੈਣਗੇ। ਉਨਾਂ ਦੱਸਿਆ ਕਿ ਇਨਾਂ ਖੇਡਾਂ ਦੇ ਅੰਬੈਸਡਰ ਗ੍ਰੇਟ ਖਲੀ ਹੋਣਗੇ। ਨੌਜਵਾਨਾਂ ਨੂੰ ਖੇਡਾਂ ਪ੍ਰਤੀ ਉਤਸ਼ਾਹਤ ਕਰਨ ਲਈ ਗ੍ਰੇਟ ਖਲੀ ਅੱਜ ਉਚੇਚੇ ਤੌਰ ‘ਤੇ ਬਠਿੰਡਾ ਵਿੱਚ ਪਹੁੰਚੇ ਅਤੇ ਡਿਪਟੀ ਕਮਿਸ਼ਨਰ ਨਾਲ ਮੁਲਾਕਾਤ ਕੀਤੀ।
ਉਨਾਂ ਦੱਸਿਆ ਕਿ ਕਬੱਡੀ ਪੰਜਾਬ ਸਟਾਈਲ ਵਿੱਚ ਜ਼ਿਲੇ ਵਿੱਚੋਂ ਪਹਿਲੇ ਸਥਾਨ ‘ਤੇ ਰਹਿਣ ਵਾਲੀ ਟੀਮ ਲਈ 5 ਲੱਖ ਰੁਪਏ, ਦੂਜੇ ਸਥਾਨ ਲਈ 3 ਲੱਖ ਅਤੇ ਤੀਜੇ ਸਥਾਨ ਲਈ 1 ਲੱਖ ਰੁਪਏ ਦਾ ਨਕਦ ਇਨਾਮ ਰੱਖਿਆ ਗਿਆ ਹੈ ਅਤੇ ਇਸ ਤੋਂ ਇਲਾਵਾ ਰੱਸਾ-ਕਸ਼ੀ, ਗੋਲਾ ਸੁਟੱਣ ਤੇ ਦੌੜ ਮੁਕਾਬਲਿਆਂ ਦੇ ਜੇਤੂਆਂ ਲਈ ਵੀ ਲੱਖਾਂ ਦੇ ਇਨਾਮ ਰੱਖੇ ਗਏ ਹਨ। ਉਨਾਂ ਦੱਸਿਆ ਕਿ ਹਰੇਕ ਖਿਡਾਰੀ ਨੂੰ ਆਪਣੇ ਪਿੰਡ ਦੀ ਪੰਚਾਇਤ ਤੋਂ ਪ੍ਰਵਾਨਗੀ ਲੈਣੀ ਪਵੇਗੀ। ਉਨਾਂ ਕਿਹਾ ਕਿ ਪੇਂਡੂ ਨੌਜਵਾਨਾਂ ਦੀ ਪ੍ਰਤਿਭਾ ਨੂੰ ਉਭਾਰਨ ਅਤੇ ਬਜ਼ੁਰਗਾਂ ਨੂੰ ਖੇਡ ਗਤੀਵਿਧੀਆਂ ਵਿੱਚ ਹਿੱਸਾ ਲੈਣ ਲਈ ਉਤਸ਼ਾਹਤ ਕਰਨ ਦੇ ਮਕਸਦ ਨਾਲ ਕਰਵਾਏ ਜਾ ਰਹੇ ਇਨਾਂ ਖੇਡ ਮੁਕਾਬਲਿਆਂ ਨੂੰ ਸਫ਼ਲਤਾਪੂਰਵਕ ਨੇਪਰੇ ਚਾੜਨ ਲਈ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਦੀਆਂ ਡਿਊਟੀਆਂ ਲਾ ਦਿੱਤੀਆਂ ਗਈਆਂ ਹਨ। ਉਨਾਂ ਉਚੇਚੇ ਤੌਰ ‘ਤੇ ਦੱਸਿਆ, ”ਅਸੀਂ ਪੇਸ਼ੇਵਰ ਟੀਮਾਂ ਜਾਂ ਖ਼ਾਸ ਵਿਅਕਤੀ ਵੱਲ ਤਵੱਜੋ ਨਾ ਦੇ ਕੇ ਪਿੰਡਾਂ ਦੇ ਖੇਡਾਂ ਵਿੱਚ ਉਭਰਦੇ ਨੌਜਵਾਨਾਂ ਅਤੇ ਬਜ਼ੁਰਗ ਜਾਂ ਬਜ਼ੁਰਗਾਂ ਦੀਆਂ ਟੀਮਾਂ ਵੱਲ ਧਿਆਨ ਦੇ ਰਹੇ ਹਾਂ ਤਾਂ ਜੋ ਖੇਡ ਸੱਭਿਆਚਾਰ ਨੂੰ ਮੁੜ ਸੁਰਜੀਤ ਕੀਤਾ ਜਾ ਸਕੇ। ਇਸ ਲਈ ਜ਼ਿਲੇ ਦੇ ਸਮੂਹ 9 ਬਲਾਕਾਂ ਵਿਚ ਕੁੱਲ 296 ਕਬੱਡੀ ਟੀਮਾਂ ਬਣਾਈਆਂ ਜਾਣਗੀਆਂ।”
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਬਹੁਮੰਤਵੀ ਖੇਡ ਸਟੇਡੀਅਮ ਵਿਖੇ ਆਖ਼ਰੀ ਦਿਨ 2 ਮਾਰਚ ਨੂੰ ਪੰਜਾਬੀ ਲੋਕ ਗਾਇਕ ਦਿਲਪ੍ਰੀਤ ਢਿੱਲੋਂ, ਰਣਜੀਤ ਬਾਵਾ ਅਤੇ ਅੰਮ੍ਰਿਤ ਮਾਨ ਸੱਭਿਆਚਾਰਕ ਗੀਤਾਂ ਰਾਹੀਂ ਲੋਕਾਂ ਦਾ ਮਨੋਰੰਜਨ ਕਰਨਗੇ।

Listen Live

Subscription Radio Punjab Today

Our Facebook

Social Counter

  • 10904 posts
  • 0 comments
  • 0 fans

Log In