Menu

ਪਾਕਿਸਤਾਨ ਦਾ ਇਕਲੌਤਾ ਸਿੱਖ ਪੁਲਸ ਅਫਸਰ ਬਰਖਾਸਤ

ਇਸਲਾਮਾਬਾਦ— ਪਾਕਿਸਤਾਨ ‘ਚ ਪਿਛਲੇ ਮਹੀਨੇ ਇੱਥੋਂ ਦੇ ਪਹਿਲੇ ਸਿੱਖ ਟ੍ਰੈਫਿਕ ਪੁਲਸ ਅਫ਼ਸਰ ਗੁਲਾਬ ਸਿੰਘ ਸ਼ਾਹੀਨ ਨੂੰ ਘਰੋਂ ਕੱਢ ਦਿੱਤਾ ਗਿਆ ਸੀ ਅਤੇ ਉਸ ਨਾਲ ਕੁੱਟ-ਮਾਰ ਵੀ ਕੀਤੀ ਗਈ ਸੀ ਅਤੇ ਹੁਣ ਉਸ ਨੂੰ ਨੌਕਰੀ ਤੋਂ ਹੱਥ ਧੋਣੇ ਪੈ ਗਏ ਹਨ। ਅਧਿਕਾਰੀਆਂ ਨੇ ਕਿਹਾ ਕਿ ਗੁਲਾਬ ਸਿੰਘ ਕਥਿਤ ਤੌਰ ‘ਤੇ 116 ਦਿਨਾਂ ਤੋਂ ਆਪਣੇ ਉੱਚ ਅਫਸਰਾਂ ਦੀ ਪ੍ਰਵਾਨਗੀ ਤੋਂ ਬਿਨਾਂ ਡਿਊਟੀ ਤੋਂ ਗ਼ੈਰ ਹਾਜ਼ਰ ਰਿਹਾ ਸੀ ਤੇ ਵਰਦੀ ਦੇ ਜ਼ਾਬਤੇ ਦੀ ਵੀ ਪਾਲਣਾ ਨਹੀਂ ਕਰ ਰਿਹਾ ਸੀ। ਹਾਲਾਂਕਿ ਗੁਲਾਬ ਸਿੰਘ ਦਾ ਕਹਿਣਾ ਹੈ ਕਿ ਉਸ ਨੂੰ ਘੱਟ ਗਿਣਤੀ ਭਾਈਚਾਰੇ ਨਾਲ ਸਬੰਧਤ ਹੋਣ ਕਰ ਕੇ ਇਹ ਸਭ ਸਹਿਣ ਕਰਨਾ ਪੈ ਰਿਹਾ ਹੈ। ਉਸ ਨੇ ਦੋਸ਼ ਲਗਾਇਆ ਕਿ ਜਦ ਉਸ ਨੂੰ ਬੇਘਰ ਕੀਤਾ ਗਿਆ ਸੀ ਤਾਂ ਉਸ ਨੇ ਪਾਕਿਸਤਾਨ ਓਕਾਫ ਬੋਰਡ ਦੇ ਅਧਿਕਾਰੀਆਂ ਦੀ ਵਧੀਕੀ ਦਾ ਮਾਮਲਾ ਵਿਦੇਸ਼ੀ ਮੀਡੀਆ ਕੋਲ ਉਠਾਇਆ ਸੀ ਅਤੇ ਹੁਣ ਉਸ ਨੂੰ ਇਸੇ ਦੀ ਸਜ਼ਾ ਦਿੱਤੀ ਜਾ ਰਹੀ ਹੈ। ਉਸ ਨੇ ਦੱਸਿਆ ਕਿ ਤਿੰਨ ਮਹੀਨੇ ਪਹਿਲਾਂ ਇਕ ਹਾਦਸੇ ‘ਚ ਉਸ ਦੀ ਬਾਂਹ ਟੁੱਟ ਗਈ ਸੀ ਅਤੇ ਉਸ ਨੇ ਮੈਡੀਕਲ ਛੁੱਟੀ ਲਈ ਹੋਈ ਹੈ। ਤੁਹਾਨੂੰ ਦੱਸ ਦਈਏ ਕਿ ਪਾਕਿਸਤਾਨ ਮੀਡੀਆ ਦਾ ਕਹਿਣਾ ਹੈ ਕਿ ਗੁਲਾਬ ਸਿੰਘ 2006 ਵਿੱਚ ਆਪਣੀ ਨਿਯੁਕਤੀ ਵੇਲੇ ਤੋਂ ਹੀ ਵਿਵਾਦਾਂ ਦਾ ਵਿਸ਼ਾ ਬਣਿਆ ਹੋਇਆ ਸੀ। ਨੌਕਰੀ ਤੋਂ ਹਟਾਉਣ ਦੀ ਖਬਰ ਸੁਣ ਕੇ ਗੁਲਾਬ ਸਿੰਘ ਨੂੰ ਸਦਮਾ ਲੱਗਾ ਹੈ ਤੇ ਉਸ ਨੂੰ ਇਕ ਹਸਪਤਾਲ ਲਿਜਾਇਆ ਗਿਆ ਹੈ।
ਕੀ ਕਹਿਣਾ ਹੈ ਪਾਕਿਸਤਾਨ ਪੁਲਸ ਦਾ?
* ਪਾਕਿਸਤਾਨ ਪੁਲਸ ਨੇ ਇਹ ਕਾਰਨ ਦੱਸਦਿਆਂ ਗੁਲਾਬ ਸਿੰਘ ਨੂੰ ਬਰਖਾਸਤ ਕੀਤਾ ਹੈ ਕਿ ਉਸ ਨੇ ਓਕਾਫ ਬੋਰਡ ਵਲੋਂ ਘਰ ਖਾਲੀ ਕਰਵਾਉਣ ਵਾਲੀ ਗੱਲ ਨੂੰ ਕੌਮਾਂਤਰੀ ਪੱਧਰ ‘ਤੇ ਵਾਇਰਲ ਕਰਕੇ ਹਮਦਰਦੀ ਜੁਟਾਉਣ ਦੀ ਕੋਸ਼ਿਸ਼ ਕੀਤੀ ਸੀ, ਜਿਸ ‘ਚ ਉਹ ਗੈਰ-ਕਾਨੂੰਨੀ ਤਰੀਕੇ ਨਾਲ ਕਬਜ਼ਾ ਕਰਕੇ ਰਹਿ ਰਿਹਾ ਸੀ।
* ਦੂਜਾ ਦੋਸ਼ ਪੁਲਸ ਨੇ ਇਹ ਲਗਾਇਆ ਕਿ ਉਹ ਓਕਾਫ ਬੋਰਡ ਨਾਲ ਲੜਾਈ ਲੜਨ ਲਈ 3 ਮਹੀਨਿਆਂ ਤੋਂ ਡਿਊਟੀ ਤੋਂ ਗੈਰ-ਹਾਜ਼ਰ ਸੀ।
* ਪੁਲਸ ਵਲੋਂ ਤੀਜਾ ਦੋਸ਼ ਇਹ ਲਗਾਇਆ ਗਿਆ ਕਿ ਭਰਤੀ ਸਮੇਂ ਗੁਲਾਬ ਸਿੰਘ ਨੇ ਆਪਣੇ ਜਿਹੜੇ ਦਸਤਾਵੇਜ਼ ਜਮ੍ਹਾਂ ਕਰਵਾਏ ਸਨ, ਉਹ ਸਾਰੇ ਜਾਅਲੀ ਪਾਏ ਗਏ ਹਨ। ਉੱਥੇ ਹੀ ਗੁਲਾਬ ਸਿੰਘ ਦਾ ਕਹਿਣਾ ਹੈ ਕਿ ਉਸ ਨੂੰ ਪਾਕਿਸਤਾਨ ਸਰਕਾਰ ਓਕਾਫ ਬੋਰਡ ਦੇ ਸਕੱਤਰ ਦੇ ਇਸ਼ਾਰੇ ‘ਤੇ ਬਰਖਾਸਤ ਕੀਤਾ ਗਿਆ ਹੈ ਕਿਉਂਕਿ ਉਨ੍ਹਾਂ ਨੇ ਬੇਬੇ ਨਾਨਕੀ ਦੇ ਪੇਕੇ ਦੀ ਜ਼ਮੀਨ ਬਚਾਉਣ ਲਈ ਕੌਮਾਂਤਰੀ ਪੱਧਰ ‘ਤੇ ਆਵਾਜ਼ ਬੁਲੰਦ ਕੀਤੀ ਸੀ। ਇਸੇ ਲਈ ਪੁਲਸ ਨੇ 11 ਜੁਲਾਈ ਨੂੰ ਉਸ ਦਾ ਸਾਰਾ ਸਾਮਾਨ ਸੜਕ ‘ਤੇ ਸੁੱਟ ਦਿੱਤਾ ਸੀ।
ਕੀ ਸੀ ਮਾਮਲਾ?
ਪਿਛਲੇ ਮਹੀਨੇ ਗੁਲਾਬ ਸਿੰਘ ਸ਼ਾਹੀਨ ਨੇ ਦਾਅਵਾ ਕੀਤਾ ਸੀ ਕਿ ਓਕਾਫ ਬੋਰਡ ਨਾਲ ਜਾਇਦਾਦ ਸਬੰਧੀ ਝਗੜੇ ਮਗਰੋਂ ਉਨ੍ਹਾਂ ਨੂੰ ਉਨ੍ਹਾਂ ਦੇ ਘਰੋਂ ਪਰਿਵਾਰ ਸਮੇਤ ਲਾਹੌਰ ਦੇ ਡੇਰਾ ਚਹਿਲ ‘ਚੋਂ ਜ਼ਬਰਦਸਤੀ ਬਾਹਰ ਕੱਢ ਦਿੱਤਾ ਗਿਆ। ਇਸ ਮਗਰੋਂ ਸ਼ਾਹੀਨ ਅਦਾਲਤ ਵਿਚ ਗਏ।
ਉਨ੍ਹਾਂ ਮੁਤਾਬਕ ਉਹ ਸਾਲ 1996 ਤੋਂ ਆਪਣੇ ਇਸ ਘਰ ਵਿਚ ਰਹਿ ਰਹੇ ਹਨ। ਗੁਲਾਬ ਸਿੰਘ ਨੇ ਕਿਹਾ ਕਿ ਉਨ੍ਹਾਂ ਦੇ ਦਾਦਾ ਜੀ ਸਾਲ 1947 ਤੋਂ ਇੱਥੇ ਰਹਿ ਰਹੇ ਸਨ ਅਤੇ ਅਦਾਲਤ ਵਿਚ ਮਾਮਲਾ ਪੈਂਡਿੰਗ ਹੋਣ ਕਾਰਨ ਉਨ੍ਹਾਂ ਦੇ ਘਰ ਨੂੰ ਸੀਲ ਕਰਨ ਦਾ ਬੋਰਡ ਨੂੰ ਕੋਈ ਅਧਿਕਾਰ ਨਹੀਂ ਹੈ। ਜ਼ਿਕਰਯੋਗ ਹੈ ਕਿ ਭਾਰਤੀ ਵਿਦੇਸ਼ ਮੰਤਰਾਲੇ ਨੇ ਇਸ ਘਟਨਾ ਦੀ ਨਿੰਦਾ ਕੀਤੀ ਸੀ।

Listen Live

Subscription Radio Punjab Today

Our Facebook

Social Counter

  • 10323 posts
  • 0 comments
  • 0 fans

Log In