Menu

ਨਾਭਾ ਬੈਂਕ ਡਕੈਤੀ ਦੇ ਮੁਜ਼ਰਮਾਂ ਵੱਲੋਂ ਕਈ ਅਹਿਮ ਖੁਲਾਸੇ

ਪਟਿਆਲਾ ਪੁਲਿਸ ਨੇ ਬੀਤੇ ਦਿਨ ਨਾਭਾ ਵਿਖੇ ਹੋਈ 50 ਲੱਖ ਰੁਪਏ ਦੀ ਬੈਂਕ ਡਕੈਤੀ ਤੇ ਸੁਰੱਖਿਆ ਗਾਰਡ ਨੂੰ ਗੋਲੀ ਮਾਰ ਕੇ ਕਤਲ ਕਰਨ ਦੀ ਵਾਰਦਾਤ ਨੂੰ ਮਹਿਜ ਕੁਝ ਘੰਟਿਆਂ ‘ਚ ਹੀ ਹੱਲ ਕਰਨ ਤੋਂ ਇਲਾਵਾ 3 ਹੋਰ ਅਹਿਮ ਡਕੈਤੀਆਂ, 3 ਕਤਲਾਂ, 2 ਨੂੰ ਗੰਭੀਰ ਜਖ਼ਮੀ ਕਰਨ ਸਮੇਤ 1 ਕਰੋੜ ਰੁਪਏ ਤੋਂ ਵੱਧ ਦੀਆਂ ਲੁੱਟਾਂ ਖੋਹਾਂ ਦੇ ਕਈ ਮਾਮਲੇ ਹੱਲ ਕਰਨ ‘ਚ ਵੱਡੀ ਸਫ਼ਲਤਾ ਹਾਸਲ ਕੀਤੀ ਹੈ। ਇਹ ਜਾਣਕਾਰੀ ਪਟਿਆਲਾ ਦੇ ਐਸ.ਐਸ.ਪੀ. ਸ. ਮਨਦੀਪ ਸਿੰਘ ਸਿੱਧੂ ਨੇ ਅੱਜ ਇਥੇ ਪੁਲਿਸ ਲਾਇਨ ਵਿਖੇ ਪ੍ਰੈਸ ਕਾਨਫਰੰਸ ਦੌਰਾਨ ਦਿੱਤੀ।
ਐਸ.ਐਸ.ਪੀ. ਨੇ ਦੱਸਿਆ ਕਿ ਇਸ ਡਕੈਤੀ ਦੇ ਮੁੱਖ ਦੋਸ਼ੀ ਅਮਨਜੀਤ ਸਿੰਘ ਗੁਰੀ ਤੇ ਜਗਦੇਵ ਸਿੰਘ ਤਾਰੀ ਵੱਲੋਂ ਨਾਭਾ ਬੈਂਕ ਡਕੈਤੀ ‘ਚ ਗਾਰਡ ਤੋਂ ਖੋਹੀ ਬਾਰਾਂ ਬੋਰ ਦੀ ਬੰਦੂਕ ਤੇ ਨਗਦੀ ਵਾਲੇ ਟਰੰਕ, ਜਿਸ ਨੂੰ ਇਨ੍ਹਾਂ ਨੇ ਕਮਾਦ ਦੇ ਖੇਤਾਂ ‘ਚ ਲੁਕੋ ਦਿੱਤਾ ਸੀ ਸਮੇਤ ਇੱਕ ਲਾਇਸੈਂਸੀ ਰਿਵਾਲਵਰ ਵੀ ਬਰਾਮਦ ਕਰ ਲਏ ਗਏ ਹਨ।
ਸ. ਸਿੱਧੂ ਨੇ ਦੱਸਿਆ ਕਿ ਅਮਨਜੀਤ ਸਿੰਘ ਗੁਰੀ ਤੇ ਜਗਦੇਵ ਸਿੰਘ ਤਾਰੀ ਵੱਲੋਂ ਛੇਤੀ ਅਮੀਰ ਬਨਣ ਦੀ ਲਾਲਸਾ ਨਾਲ ਕੀਤੀਆਂ ਲੁੱਟਾਂ ਖੋਹਾਂ ਕਰਕੇ ਕੀਤੀ ਕਮਾਈ ਨਾਲ ਵੱਖ-ਵੱਖ ਬੈਂਕ ਖਾਤਿਆਂ ਜਮ੍ਹਾਂ ਕੀਤੇ ਕਰੀਬ 24 ਲੱਖ ਰੁਪਏ ਜਮ੍ਹਾਂ ਮਿਲੇ ਹਨ ਜੋਕਿ ਪੁਲਿਸ ਨੇ ਜਾਮ ਕਰਵਾ ਦਿੱਤੇ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਵੱਲੋਂ ਲੁੱਟਾਂ-ਖੋਹਾਂ ਦੀ ਕਮਾਈ ਨਾਲ ਪਾਏ ਚਾਰ ਤੇਲ ਵਾਲੇ ਟੈਂਕਰ ਸਮੇਤ ਬਣਾਏ ਹੋਰ ਸਾਜੋ ਸਮਾਨ ਦੀ ਵੀ ਡੁੰਘਾਈ ਨਾਲ ਪੜਤਾਲ ਕੀਤੀ ਜਾਵੇਗੀ। ਇਸ ਤੋਂ ਬਿਨ੍ਹਾਂ ਇਨ੍ਹਾਂ ਵੱਲੋਂ 2014 ਤੋਂ ਬਾਅਦ 2018 ‘ਚ ਕੀਤੀ ਵਾਰਦਾਤ ਦੌਰਾਨ ਵਿਚਕਾਰਲੇ ਸਮੇਂ ‘ਚ ਕੀ-ਕੀ ਕੀਤਾ ਗਿਆ ਵੀ ਤਫ਼ਤੀਸ਼ ਦਾ ਅਹਿਮ ਹਿੱਸਾ ਹੋਵੇਗਾ, ਕਿਉਂਕਿ ਇਸ ਸਮੇਂ ਦੌਰਾਨ ਇਨ੍ਹਾਂ ਵਿਰੁੱਧ ਕੋਈ ਪੁਲਿਸ ਕੇਸ ਵੀ ਦਰਜ ਨਹੀਂ ਹੋਇਆ।
ਐਸ.ਐਸ.ਪੀ. ਨੇ ਦੱਸਿਆ ਕਿ ਜਗਦੇਵ ਸਿੰਘ ਉਰਫ ਤਾਰੀ ਪੁੱਤਰ ਕਰਨੈਲ ਸਿੰਘ ਵਾਸੀ ਪਿੰਡ ਮੰਗਵਾਲ ਸੰਗਰੂਰ (35 ਸਾਲ) ਤੇ ਅਮਨਜੀਤ ਸਿੰਘ ਉਰਫ ਗੁਰੀ ਪੁੱਤਰ ਗੁਰਜੰਟ ਸਿੰਘ ਵਾਸੀ ਸੀ-196 ਅਫ਼ਸਰ ਕਲੋਨੀ ਸੰਗਰੂਰ ਵਿਰੁੱਧ ਮੁੱਕਦਮਾ ਨੰਬਰ 115 ਮਿਤੀ 14-11-2018 ਅ/ਧ 302,392,34 ਹਿੰ:ਡੰ 25/27/54/59 ਅਸਲਾ ਐਕਟ ਥਾਣਾ ਕੋਤਵਾਲੀ ਨਾਭਾ ਵਿਖੇ ਦਰਜ ਕੀਤਾ ਗਿਆ ਸੀ। ਇਨ੍ਹਾਂ ਦਾ ਪੁਲਿਸ ਰੀਮਾਂਡ ਲੈਕੇ ਤਫ਼ਤੀਸ਼ ਕੀਤੀ ਜਾਵੇਗੀ, ਜਿਸ ਤੋਂ ਹੋਰ ਵੀ ਖੁਲਾਸੇ ਹੋਣ ਦੀ ਸੰਭਾਵਨਾ ਹੈ।
ਸ. ਸਿੱਧੂ ਨੇ ਦੱਸਿਆ ਕਿ ਇਨ੍ਹਾਂ ਤੋਂ ਹੁਣ ਤੱਕ ਕੀਤੀ ਗਈ ਪੁੱਛਗਿੱਛ ਤੋਂ ਸਾਹਮਣੇ ਆਇਆ ਹੈ ਕਿ ਇਹ ਲੁੱਟ ਖੋਹ ਦੀ ਵਾਰਦਾਤ ਨੂੰ ਅੰਜਾਮ ਦੇਣ ਲਈ ਕਿਸੇ ਟੋਲ ਰੋਡ ਦੀ ਵਰਤੋਂ ਕਰਨ ਦੀ ਬਜਾਇ ਹਮੇਸ਼ਾ ਕੱਚੇ ਰਸਤਿਆਂ ਦੀ ਵਰਤੋਂ ਕਰਦੇ ਸਨ, ਕਿਉਂਕਿ ਸੰਗਰੂਰ ਵਾਰਦਾਤ ‘ਚ ਸੀ.ਸੀ.ਟੀ.ਵੀ. ਫੁਟੇਜ ਨਹੀਂ ਸੀ ਮਿਲੀ। ਉਨ੍ਹਾਂ ਕਿਹਾ ਕਿ ਇਨ੍ਹਾਂ ਨੇ ਇਕ ਕਮਰਾ ਕਿਰਾਏ ‘ਤੇ ਲਿਆ ਹੋਇਆ ਸੀ, ਜਿਸ ‘ਚੋਂ ਮੋਟਰਸਾਇਕਲ ਤੇ ਨਗ਼ਦੀ ਵਾਲੀ ਬੋਰੀ ਵੀ ਬਰਾਮਦ ਹੋਈ ਸੀ। ਉਨ੍ਹਾਂ ਦੱਸਿਆ ਕਿ ਇਹ ਪੁਲਿਸ ਨੂੰ ਭੁਲੇਖਾ ਪਾਉਣ ਲਈ ਵਾਰਦਾਤ ਕਰਨ ਸਮੇਂ ਵੱਖ-ਵੱਖ ਰੂਪ ਵਟਾ ਲੈਂਦੇ ਸਨ। ਸੰਗਰੂਰ ਵਾਰਦਾਤ ‘ਚ ਇਨ੍ਹਾਂ ‘ਚੋਂ ਇੱਕ ਨੇ ਪੱਗ ਬੰਨੀ ਤੇ ਦੂਜੇ ਹੈਲਮੈਟ ਪਾਏ, ਦੂਜੀ ‘ਚ ਦੋਵਾਂ ਨੇ ਹੈਲਮੇਟ ਪਾਈ ਤੇ ਨਾਭਾ ਵਾਰਦਾਤ ‘ਚ ਦੋਵਾਂ ਨੇ ਪੱਗ ਬੰਨ੍ਹੀਂ ਸੀ।
ਐਸ.ਐਸ.ਪੀ. ਨੇ ਦੱਸਿਆ ਕਿ ਹੁਣ ਤੱਕ ਜੋ ਸਾਹਮਣੇ ਆਇਆ ਹੈ ਕਿ ਇਨ੍ਹਾਂ ਨੇ 14 ਮਈ 2018 ਨੂੰ ਸੰਗਰੂਰ ਵਿਖੇ ਸੀ.ਐਲ ਟਾਵਰ ਨੇੜੇ ਸੁਰੱਖਿਆ ਗਾਰਡ ਲੀਲਾ ਸਿੰਘ ਦੇ ਗੋਲੀ ਮਾਰਕੇ 9 ਲੱਖ ਰੁਪਏ ਨਗ਼ਦ ਤੇ 12 ਬੋਰ ਡਬਲ ਬੈਰਲ ਰਾਈਫਲ ਖੋਹ ਲਈ ਸੀ। ਇਸ ਸਬੰਧੀਂ ਮੁਕਦਮਾ ਨੰ 144 ਮਿਤੀ 14-5-2018 ਅ/ਧ 394 , 34 ਹਿੰ:ਡ 25 ਅਸਲਾ ਐਕਟ ਥਾਣਾ ਸਿਟੀ ਸੰਗਰੂਰ ਦਰਜ ਹੋਇਆ ਸੀ।
ਐਸ.ਐਸ.ਪੀ. ਨੇ ਦੱਸਿਆ ਕਿ ਇਨ੍ਹਾਂ ਨੇ ਨਾਭਾ ਵਿਖੇ ਹੀ 1 ਫਰਵਰੀ 2014 ‘ਚ ਅਲੋਹਰਾਂ ਗੇਟ ਨਾਭਾ ਵਿਖੇ ਇੱਕ ਹੋਰ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਸੀ। ਇਸ ‘ਚ ਸਕਿਉਰਟੀ ਗਾਰਡ ਰਣਧੀਰ ਸਿੰਘ ਨੂੰ ਗੋਲੀਆਂ ਮਾਰ ਕੇ 37 ਲੱਖ ਰੁਪਏ ਨਗਦ ਤੇ ਇੱਕ 12 ਬੋਰ ਦੁਨਾਲੀ ਰਾਈਫਲ ਖੋਹ ਲਈ ਗਈ ਸੀ। ਇਸ ਸਬੰਧੀ ਮੁੱਕਦਮਾ ਨੰ 09 ਮਿਤੀ 01-02-2014 ਅ/ਧ 302,392,34 ਹਿੰ:ਡ 25 ਅਸਲਾ ਐਕਟ ਥਾਣਾ ਕੋਤਵਾਲੀ ਨਾਭਾ ਦਰਜ ਹੋਇਆ ਸੀ। ਇਸ ਵਾਰਦਾਤ ‘ਚ ਇਨ੍ਹਾਂ ਦਾ ਇੱਕ ਤੀਜਾ ਸਾਥੀ ਹਰਦੇਵ ਸਿੰਘ ਲਵਲੀ ਪੁੱਤਰ ਗੁਰਦਾਸ ਸਿੰਘ ਵਾਸੀ ਪਿੰਡ ਗੱਗੜਪੁਰ ਜਿਲਾ ਸੰਗਰੂਰ ਵੀ ਸ਼ਾਮਲ ਸੀ, ਜਿਸ ਦੀ ਸਾਲ 2015 ‘ਚ ਗੁਰਦਿਆਂ ਦੀ ਬਿਮਾਰੀ ਕਰਕੇ ਮੌਤ ਹੋ ਚੁੱਕੀ ਹੈ। ਸ. ਸਿੱਧੂ ਨੇ ਦੱਸਿਆ ਕਿ ਇਸ ਵਿਅਕਤੀ ਵੱਲੋਂ ਉਕਤ ਲੁੱਟ ਵਿੱਚੋਂ ਆਪਣੇ ਹਿੱਸੇ ਦੇ ਲਾਏ ਗਏ ਪੈਸਿਆਂ ਦੀ ਵੀ ਡੁੰਘਾਈ ਨਾਲ ਪੜਤਾਲ ਕੀਤੀ ਜਾਵੇਗੀ।
ਸ. ਸਿੱਧੂ ਨੇ ਦੱਸਿਆ ਕਿ ਇਸ ਗੈਂਗ ਨੇ 13 ਜੁਲਾਈ 2018 ਨੂੰ ਮੇਨ ਰੋਡ ਘਾਬਦਾ ਪਟਿਆਲਾ-ਭਵਾਨੀਗੜ੍ਹ ਰੋਡ ਸੰਗਰੂਰ ਤੋਂ ਗੰਨਮੈਨ ਸੁੱਖਪਾਲ ਸਿੰਘ ਦੇ ਗੋਲੀ ਮਾਰ ਕੇ ਉਸਨੂੰ ਜਖਮੀ ਕਰਕੇ 5 ਲੱਖ ਰੁਪਏ ਨਗ਼ਦ, ਇੱਕ ਏ.ਟੀ.ਐਮ, ਇੱਕ ਪੈਨ ਕਾਰਡ ਤੇ ਬੈਂਕ ਦੀਆਂ ਚਾਬੀਆਂ ਖੋਹੀਆਂ ਸਨ। ਇਸ ਸਬੰਧੀਂ ਮੁੱਕਦਮਾ ਨੰ 71 ਮਿਤੀ 13-7-2018 ਅ/ਧ 394,34 ਹਿੰ:ਡੰ ਥਾਣਾ ਸਦਰ ਸੰਗਰੂਰ ਦਰਜ ਹੋਇਆ ਸੀ।
ਇਸ ਤੋਂ ਬਿਨ੍ਹਾਂ 26 ਅਕਤੂਬਰ 2018 ਨੂੰ ਇਨ੍ਹਾਂ ਨੇ ਗੇਟ ਨੰਬਰ 55 ਬਹਾਦਰ ਸਿੰਘਵਾਲਾ ਰੇਲਵੇ ਸਟੇਸਨ ਧੂਰੀ ਤੋਂ ਰਵੀ ਪੁੱਤਰ ਓਮਪਾਲ ਵਾਸੀ ਦਲਖੇੜੀ ਥਾਣਾ ਉਚਾਣਾ ਜਿਲਾ ਜੀਂਦ ਹਰਿਆਣਾ ਤੋਂ ਦਿਨ ਦਿਹਾੜੇ ਪਿਸਤੋਲ ਦੀ ਨੋਕ ‘ਤੇ ਇੱਕ ਬੁਲਟ ਮੋਟਰਸਾਇਕਲ ਐਚ.ਆਰ 32 ਜੇ 4742 ਤੇ ਇੱਕ ਮੋਬਾਇਲ ਮਾਰਕਾ ਵੀਵੋ ਖੋਹਿਆ ਸੀ। ਇਸ ਸਬੰਧੀ ਮੁੱਕਦਮਾ ਨੰ 69 ਮਿਤੀ 27-10-2018 ਅ/ਧ 392,34 ਹਿੰ:ਡ 25 ਅਸਲਾ ਐਕਟ ਥਾਣਾ ਜੀ.ਆਰ.ਪੀ ਸੰਗਰੂਰ ਦਰਜ ਹੋਇਆ ਸੀ। ਉਨ੍ਹਾਂ ਕਿਹਾ ਕਿ ਇਹੋ ਮੋਟਰਸਾਇਕਲ ਇਨ੍ਹਾਂ ਨੇ ਨਾਭਾ ਵਾਲੀ ਵਾਰਦਾਤ ‘ਚ ਵਰਤਿਆ ਸੀ, ਜੋ ਹੁਣ ਬਰਾਮਦ ਹੋ ਚੁੱਕਾ ਹੈ।
ਐਸ.ਐਸ.ਪੀ. ਨੇ ਹੋਰ ਦੱਸਿਆ ਕਿ ਨਾਭਾ ਡਕੈਤੀ ਤੋਂ ਪਹਿਲਾਂ ਮੁੱਖ ਦੋਸ਼ੀ ਅਮਨਜੀਤ ਸਿੰਘ ਗੁਰੀ ਨਾਭਾ ਵਿਖੇ ਦੇਸੀ ਅੰਡਿਆਂ ਦੀ ਖਰੀਦ ਲਈ ਆਉਂਦਾ ਸੀ, ਜਿਥੇ ਇਸ ਨੇ ਇਸ ਬੈਂਕ ਨੂੰ ਨਿਸ਼ਾਨਾ ਬਣਾਉਣ ਦੀ ਜੁਗਤ ਬਣਾਈ। ਉਨ੍ਹਾਂ ਦੱਸਿਆ ਕਿ ਜਗਦੇਵ ਸਿੰਘ ਤਾਰੀ ਇਸਦਾ ਹੈਲਪਰ ਸੀ, ਜਿਸਨੂੰ ਇਹ ਕੁਝ ਪੈਸੇ ਦੇ ਦਿੰਦਾ ਸੀ।
ਉਨ੍ਹਾਂ ਹੋਰ ਦੱਸਿਆ ਕਿ ਬੈਂਕ ਦੇ ਮ੍ਰਿਤਕ ਸੁਰੱਖਿਆ ਗਾਰਡ ਸ੍ਰੀ ਪ੍ਰੇਮ ਚੰਦ ਦੇ ਪਰਿਵਾਰ ਦੀ ਪੁਲਿਸ ਨੇ ਆਪਣੇ ਇੱਕ ਲੱਖ ਰੁਪਏ ਦੇ ਨਗ਼ਦ ਇਨਾਮ ਨਾਲ ਤਾਂ ਵਿਤੀ ਇਮਦਾਦ ਕੀਤੀ ਹੀ ਹੈ ਪਰੰਤੂ ਉਨ੍ਹਾਂ ਨੇ ਐਸ.ਬੀ.ਆਈ ਦੇ ਉਚ ਅਧਿਕਾਰੀਆਂ ਨਾਲ ਗੱਲਬਾਤ ਕਰਕੇ ਉਸਦੀ ਪੁੱਤਰੀ ਦੇ ਅਗਲੇ ਮਹੀਨੇ ਹੋਣ ਵਾਲੀ ਸ਼ਾਦੀ ਲਈ ਵੀ ਮਦਦ ਕਰਨ ਲਈ ਕਿਹਾ ਹੈ, ਜਿਸ ‘ਤੇ ਬੈਂਕ ਨੇ ਉਸਦੇ ਭੋਗ ਤੋਂ ਪਹਿਲਾਂ-ਪਹਿਲਾਂ ਮਦਦ ਕਰਨ ਦਾ ਭਰੋਸਾ ਦਿੱਤਾ ਹੈ।
ਇਸ ਮੌਕੇ ਐਸ.ਪੀ. ਜਾਂਚ ਸ. ਮਨਜੀਤ ਸਿੰਘ ਬਰਾੜ, ਡੀ.ਐਸ.ਪੀ ਨਾਭਾ ਸ੍ਰੀ ਦਵਿੰਦਰ ਕੁਮਾਰ ਅੱਤਰੀ, ਡੀ.ਐਸ.ਪੀ (ਜਾਂਚ) ਸ. ਸੁਖਮਿੰਦਰ ਸਿੰਘ ਚੌਹਾਨ, ਇੰਚਾਰਜ ਸੀ.ਆਈ.ਏ ਪਟਿਆਲਾ ਇੰਸਪੈਕਟਰ ਸ਼ਮਿੰਦਰ ਸਿੰਘ, ਸਬ ਇੰਸਪੈਕਟਰ ਗੁਰਮੀਤ ਸਿੰਘ ਮੁੱਖ ਅਫਸਰ ਥਾਣਾ ਕੋਤਵਾਲੀ ਨਾਭਾ ਅਤੇ ਜੈਇੰਦਰ ਸਿੰਘ ਮੁੱਖ ਅਫਸਰ ਥਾਣਾ ਸਦਰ ਨਾਭਾ ਮੌਜੂਦ ਸਨ।

Listen Live

Subscription Radio Punjab Today

Our Facebook

Social Counter

  • 10323 posts
  • 0 comments
  • 0 fans

Log In