ਚਿੱਟੇ ਕੱਪੜੇ ਪਾਈ ਇਕ ਬਜ਼ੁਰਗ, ਜਿਸ ਦੇ ਇਕ ਹੱਥ ਵਿਚ ਖੂੰਡਾ ਹੁੰਦਾ, ਦੂਜੇ ਵਿਚ ਇਕ ਝੋਲਾ। ਝੋਲੇ ਵਿਚ ਇਕ ਫੱਟਾ, ਕੁਝ ਕਾਗ਼ਜ਼ ਤੇ ਕੁਝ ਚਿੱਠੀਆਂ। ਕੱਛ ਵਿਚ ਛਤਰੀ ਹੁੰਦੀ, ਸਵੇਰੇ ਅਤੇ ਸ਼ਾਮ ਢਲੇ ਜੈਤੋ ਦੀਆਂ ਸੜਕਾਂ ਉੱਤੇ ਤੁਰਦਾ-ਫਿਰਦਾ ਨਜ਼ਰ ਆਉਂਦਾ। ਅਸਧਾਰਨ ਕਾਵਿ ਪ੍ਰਤਿਭਾ ਦਾ ਮਾਲਕ, ਪੰਜਾਬੀ ਗ਼ਜ਼ਲ ਦਾ ਬਾਬਾ ਬੋਹੜ, ਪੰਜਾਬੀ ਗੀਤਕਾਰੀ ਦਾ ‘ਧੰਨਭਾਗ’ ਉਸਤਾਦ ਸ਼ਾਇਰ ਦੀਪਕ ਜੈਤੋਈ। ਅਬਦੀ ਸਮਝ ਵਾਲਿਆਂ ਲਈ ਰੱਬੀ ਰੂਹ ਅਤੇ ਆਮ ਲੋਕਾਂ ਲਈ ਦੀਪਕ ਸੁਨਿਆਰਾ। ਵਰ੍ਹਿਆਂ ਤੱਕ ਇਸ ਉਸਤਾਦ ਸ਼ਾਇਰ ਦਾ ਇਹ ਰੂਪ ਦੇਖਣ ਨੂੰ ਮਿਲਿਆ। ਕੁੱਲ ਵਕਤੀ ਸ਼ਾਇਰ। ਸਵੇਰੇ ਘਰੋਂ ਨਿੱਕਲਣਾ, ਡਾਕਖਾਨੇ ਤੋਂ ਕੁਝ ਚਿੱਠੀਆਂ, ਰਸਾਲੇ ਅਤੇ ਮਨੀਆਰਡਰ ਹਾਸਲ ਕਰਨਾ। ਆਪਣੇ ਸ਼ਾਗਿਰਦਾਂ ਦੀਆਂ ਇਸਲਾਹ ਲਈ ਆਈਆਂ ਗ਼ਜ਼ਲਾਂ ਦੀਆਂ ਖਾਮੀਆਂ ਦੂਰ ਕਰਨੀਆਂ, ਉਨ੍ਹਾਂ ਬਾਰੇ ਜਾਣਕਾਰੀ ਦਿੰਦੀਆਂ ਚਿੱਠੀਆਂ ਲਿਖਣਾ।
ਦੀਪਕ ਜੈਤੋਈ ਦਾ ਜਨਮ ਜੈਤੋ ਨਗਰੀ ਵਿਚ 18 ਅਪ੍ਰੈਲ 1925 ਵਾਲੇ ਦਿਨ ਹੋਇਆ। ਪਿਤਾ ਇੰਦਰ ਸਿੰਘ ਕਿੱਤੇ ਪੱਖੋਂ ਸਵਰਨਕਾਰ ਸਨ ਤੇ ਸ਼ੌਕ ਸੀ ਕਿੱਸਾਕਾਰੀ ਦਾ। ਪਰਿਵਾਰ ਦੇ ਇਸ ਨਵੇਂ ਜੀਅ ਦਾ ਨਾਂਅ ਰੱਖਿਆ ਗਿਆ ਗੁਰਚਰਨ ਸਿੰਘ। ਗੁਰਚਰਨ ਸਿੰਘ ਨੂੰ ਸ਼ਾਇਰੀ ਵਿਰਾਸਤ ਵਿਚ ਮਿਲੀ। ਅਜੇ ਤੀਜੀ ਜਮਾਤ ਵਿਚ ਪੜ੍ਹਦਿਆਂ ਗੁਰਚਰਨ ਸਿੰਘ ਦਾ ਇਕ ਸਾਥੀ ਉਸ ਤੋਂ ਦੂਰ ਚਲਾ ਗਿਆ, ਉਸ ਵਿਛੋੜੇ ਦੇ ਦਰਦ ਨਾਲ ਭਰੀ ਇਕ ਚਿੱਠੀ ਲਿਖੀ ਜਾਂ ਇੰਝ ਕਹੀਏ ਕਿ ਭਵਿੱਖ ਦੇ ਉਸਤਾਦ ਸ਼ਾਇਰ ਨੇ ਆਪਣੀ ਪਲੇਠੀ ਨਜ਼ਮ ਲਿਖੀ। ਗ਼ਜ਼ਲ ਦੇ ਖੇਤਰ ਵਿਚ ਆਪਣੀ ਸਰਦਾਰੀ ਕਾਇਮ ਕਰਨ ਤੋਂ ਪਹਿਲਾਂ ਦੀਪਕ ਜੈਤੋਈ ਹੁਰਾਂ ਪੰਜਾਬੀ ਗੀਤਕਾਰੀ ਵਿਚ ਸਿੱਕਾ ਜਮਾਇਆ। ਲੋਕ-ਜੀਵਨ ਤੇ ਜ਼ਮੀਨ ਨਾਲ ਜੁੜੇ ਅਜਿਹੇ ਗੀਤ ਸਿਰਜੇ ਜਿਨ੍ਹਾਂ ਨੂੰ ਓਸ ਵੇਲੇ ਦੇ ਵੱਡੇ ਗਾਇਕਾਂ ਨੇ ਗਾਇਆ ਤੇ ਉਹ ਲੋਕ ਗੀਤਾਂ ਦੇ ਹਾਣ ਦੇ ਹੋ ਨਿੱਬੜੇ। ਨਰਿੰਦਰ ਬੀਬਾ ਨੇ ‘ਆਹ ਲੈ ਮਾਏਂ ਸਾਂਭ ਕੁੰਜੀਆਂ ਧੀਆਂ ਕਰ ਚੱਲੀਆਂ ਸਰਦਾਰੀ…’ ਗਾਇਆ ‘ਗੱਲ ਸੋਚ ਕੇ ਕਰੀਂ ਤੂੰ ਜ਼ੈਲਦਾਰਾ’ ਗਾਇਆ ਤਾਂ ਦੱਬੀ ਰਈਅਤ ਨੇ ਆਪਣੇ ਆਪ ਨੂੰ ਡਾਢਿਆਂ ਸਾਹਮਣੇ ਹਿੱਕ ਡਾਹ ਕੇ ਖੜ੍ਹਾ ਮਹਿਸੂਸ ਕੀਤਾ। ‘ਸਾਕਾ ਚਾਂਦਨੀ ਚੌਕ’, ਅਤੇ ‘ਜਨਮ ਸਾਖੀ ਸ੍ਰੀ ਗੁਰੂ ਨਾਨਕ ਦੇਵ ਜੀ’, ਉਪੇਰੇ ਲਿਖ ਕੇ ਉਨ੍ਹਾਂ ਆਪਣੀ ਲੋਕਪ੍ਰਿਅਤਾ ਨੂੰ ਘਰ ਘਰ ਪਹੁੰਚਾ ਦਿੱਤਾ।
ਦੀਪਕ ਜੈਤੋਈ ਸਿਰਫ਼ ਗੀਤ ਅਤੇ ਗ਼ਜ਼ਲ ਦੇ ਖੇਤਰ ਦਾ ਹੀ ਸ਼ਾਹ-ਅਸਵਾਰ ਨਹੀਂ ਸੀ, ਨਾਟਕ ਦੇ ਕਹਾਣੀ ਦੇ ਖੇਤਰ ਵਿਚ ਵੀ ਦਸਤਕ ਦਿੱਤੀ। ਉਨ੍ਹਾਂ ਦਾ ਇਕ ਮਾਤਰ ਕਹਾਣੀ ਸੰਗ੍ਰਹਿ ‘ਭੁਲੇਖਾ ਪੈ ਗਿਆ’ ਅਤੇ ਦੋ ਨਾਟਕ ਪ੍ਰਕਾਸ਼ਤ ਹੋਏ ‘ਕੌਲਾਂ’ ਅਤੇ ‘ਸਮਾਂ ਜ਼ਰੂਰ ਆਵੇਗਾ’। ਘਰ ਦੀ ਹਾਲਤ ਭਾਵੇਂ ਬੇਹੱਦ ਮਾੜੀ ਰਹੀ। ਖੋਲੇ ਵਰਗੇ ਦੋ ਕਮਰੇ ਜਿਨ੍ਹਾਂ ਦੀਆਂ ਛੱਤਾਂ ਮੀਂਹ ਵਿਚ ਚੋਣ ਲੱਗ ਜਾਂਦੀਆਂ। ਆਰਥਿਕਤਾ ਦਾ ਝੱਗਾ ਅਸਲੋਂ ਲੰਗਾਰ ਹੋਇਆ। ਫਕੀਰੀ ਵਰਗਾ ਆਲਮ ਪਰ ਦਿਲ ਬਾਦਸ਼ਾਹਾਂ ਵਾਲਾ। ਆਪਣੀ ਧਰਮ ਪਤਨੀ ਨੂੰ ਹਮੇਸ਼ਾ ‘ਬੇਗਮ ਸਾਹਿਬਾ’ ਆਖ ਬੁਲਾਉਂਦੇ। ਵੱਡੇ ਤਾਂ ਵੱਡੇ ਛੋਟਿਆਂ ਨੂੰ ਵੀ ਸਾਹਿਬ ਨਾਲ ਸੰਬੋਧਤ ਕਰਦੇ। ਪੰਜਾਬੀ, ਹਿੰਦੀ, ਉਰਦੂ ਤੇ ਸੰਸਕ੍ਰਿਤ ਭਾਸ਼ਾਵਾਂ ਉਤੇ ਮਜ਼ਬੂਤ ਪਕੜ। ਤਲੱਫਜ਼ ਆਪਣਾ ਤਾਂ ਪੂਰਾ ਸ਼ੁੱਧ ਤੇ ਦੂਜੇ ਦੀ ਗ਼ਲਤੀ ਨਾ ਕਾਬਲ-ਇ-ਬਰਦਾਸ਼ਤ।
ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਨਾਲ ਉਹ ਮੰਚ ਤੋਂ ਇਕੱਠੇ ਕਵਿਤਾਵਾਂ ਪੜ੍ਹਦੇ ਰਹੇ। ਵਾਜਪਾਈ ਪ੍ਰਧਾਨ ਮੰਤਰੀ ਬਣੇ ਪਰ ਦੀਪਕ ਜੈਤੋਈ ਦਾ ਹਾਲ ਓਹੀ ਫਕੀਰਾਂ ਵਾਲਾ। ਕਦੇ ਆਪਣੇ ਹਾਲ ਦਾ ਰੋਣਾ ਨਾ ਰੋਇਆ ਜਾਕੇ। ਕਹਿੰਦੇ :
ਛਿੱਥਾ ਪਈਦੈ ਅਕਸਰ ਯਾਰਾਂ ਦੇ ਕੋਲ ਰੋ ਕੇ,
ਹਰ ਦਰਦ ਆਪਣੇ ਦਿਲ ਦਾ ਰੱਖਦੈਂ ਮੈਂ ਤਾਂ ਲਕੋ ਕੇ।
ਮਹਾਂਕਾਵਿ ‘ਮਾਲਾ ਕਿਉਂ ਤਲਵਾਰ ਬਣੀ’, ਨਜ਼ਮ ਸੰਗ੍ਰਿਹ ‘ਸਾਡਾ ਵਿਰਸਾ ਸਾਡਾ ਦੇਸ਼’, ਪੰਜ ਗ਼ਜ਼ਲ ਸੰਗ੍ਰਿਹ ‘ਦੀਪਕ ਦੀ ਲੋਅ’, ‘ਗ਼ਜ਼ਲ ਦੀ ਅਦਾ’,’ਗ਼ਜ਼ਲ ਦਾ ਬਾਂਕਪਨ’ ਤੇ ‘ਤਕਲੀਫ਼ ਤਾਂ ਜਰ ਪਹਿਲਾਂ’, ਗੀਤ ਸੰਗ੍ਰਹਿ ‘ਆਹ ਲੈ ਮਾਏ ਸਾਂਭ ਕੁੰਜੀਆਂ’ ਆਦਿ ਕਿਤਾਬਾਂ ਤਾਂ ਛਪ ਗਈਆਂ ਪਰ ਕਈ ਕਿਤਾਬਾਂ ਦੇ ਖਰੜੇ ਬਰਸਾਤਾਂ ਵਿਚ ਕੋਠੇ ਦੀ ਛੱਤ ਚੋਅ ਜਾਣ ਕਰਕੇ ਬਰਬਾਦ ਹੋ ਗਏ। ਨਵੇਂ ਸ਼ਾਇਰਾਂ ਦੇ ਮਾਰਗ ਦਰਸ਼ਨ ਲਈ ਗ਼ਜ਼ਲ ਦੇ ਰੂਪ-ਵਿਧਾਨ ਬਾਰੇ ਉਨ੍ਹਾਂ ਦੀ ਕਿਤਾਬ ‘ਗ਼ਜ਼ਲ ਕੀ ਹੈ ‘ ਦੇ ਕਈ ਐਡੀਸ਼ਨ ਛਪੇ ਤੇ ਅਜੇ ਵੀ ਛਪ ਰਹੇ ਹਨ। ਸੰਸਕ੍ਰਿਤ ਦੇ ਮਹਾਂਕਾਵਿ ‘ਸਿਕੰਦ ਗੁਪਤ’ ਦਾ ਪੰਜਾਬੀ ਵਿਚ ਅਨੁਵਾਦ ਵੀ ਕੀਤਾ।
ਸਾਲ 2005 ਦੇ ਫ਼ਰਵਰੀ ਮਹੀਨੇ ਦੀ 12 ਤਰੀਕ ਨੂੰ ਫਕੀਰਾਨਾ ਤਬੀਅਤ ਵਾਲਾ ਉਸਤਾਦ ਸ਼ਾਇਰ ਇਸ ਦੁਨੀਆ ਤੋਂ ਹਮੇਸ਼ਾ ਲਈ ਰੁਖ਼ਸਤ ਹੋ ਗਿਆ ਸੀ। ਪਰ ਆਪਣੀਆਂ ਲਿਖਤਾਂ ਤੇ ਪੰਜਾਬੀ ਮਾਂ-ਬੋਲੀ ਲਈ ਖ਼ਿਦਮਾਤ ਜ਼ਰੀਏ ਦੀਪਕ ਜਗਦਾ ਰਹੇਗਾ ਹਮੇਸ਼ਾ।
– ਹਰਮੇਲ ਪਰੀਤ